ਹਰਿਆਣਾ ਦੀ ਰਾਜਨੀਤੀ ’ਚ ਐਕਟਿਵ ਹੋਏ ਗੋਪਾਲ ਕਾਂਡਾ
ਸੀਐਮ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਹਿਸਾਰ/ਬਿਊਰੋ ਨਿਊਜ਼
ਏਅਰ ਹੋਸਟੈਸ ਗੀਤਿਕਾ ਖੁਦਕੁਸ਼ੀ ਮਾਮਲੇ ਵਿਚੋਂ ਬਰੀ ਹੋਣ ਤੋਂ ਬਾਅਦ ਪਹਿਲੀ ਵਾਰ ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ। ਵਿਧਾਇਕ ਅਤੇ ਮੁੱਖ ਮੰਤਰੀ ਦੀ ਇਹ ਮੁਲਾਕਾਤ ਅੱਜ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਹੋਈ ਹੈ। ਗੋਪਾਲ ਕਾਂਡਾ ਦੀ ਸੀਐਮ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਸਾਹਮਣੇ ਆ ਗਈ ਹੈ ਕਿ ਗੋਪਾਲ ਕਾਂਡ ਹੁਣ ਰਾਜਨੀਤੀ ਦੇ ਮੈਦਾਨ ਵਿਚ ਸਰਗਰਮ ਹੋ ਜਾਣਗੇ। ਇਸ ਮੁਲਾਕਾਤ ਤੋਂ ਬਾਅਦ ਕਾਂਡਾ ਦੇ ਮੰਤਰੀ ਅਹੁਦੇ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ। ਧਿਆਨ ਰਹੇ ਕਿ ਗੋਪਾਲ ਕਾਂਡਾ ਨੇ ਇਸ ਸਮੇਂ ਭਾਜਪਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਬਾਹਰ ਤੋਂ ਸਮਰਥਨ ਦਿੱਤਾ ਹੋਇਆ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਗੋਪਾਲ ਕਾਂਡਾ ਨੂੰ ਮੰਤਰੀ ਬਣਾਉਣ ਲਈ ਭਾਜਪਾ ਦਿਲਚਸਪੀ ਦਿਖਾ ਰਹੀ ਹੈ, ਕਿਉਕਿ ਸਿਰਸਾ ਜ਼ਿਲ੍ਹੇ ਵਿਚ ਭਾਜਪਾ ਦਾ ਕੋਈ ਵੀ ਵਿਧਾਇਕ ਨਹੀਂ ਹੈ।