ਬਨੂੜ: ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਕਸਬਾ ਬਨੂੜ ਦੇ ਕੈਨੇਡਾ ਵਿੱਚ ਐਡਮਿੰਟਨ ਵਿਖੇ ਰਹਿੰਦੇ ਨੌਜਵਾਨ ਜਸਕੀਰਤ ਸਿੰਘ (25) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਜੇ ਕੁਝ ਦਿਨ ਪਹਿਲਾਂ ਹੀ ਬਨੂੜ ਦੀ ਕੈਨੇਡਾ ਗਈ ਲੜਕੀ ਕੋਮਲਪ੍ਰੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਪਰੋਥਲੀ ਕੈਨੇਡਾ ਗਏ ਦੋ ਨੌਜਵਾਨਾਂ ਦੀ ਮੌਤ ਹੋਣ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਜਸਕੀਰਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਐਡਮਿੰਟਨ ਰਹਿੰਦਾ ਸੀ ਤੇ ਉੱਥੋਂ ਦਾ ਪੀਆਰ ਸੀ। ਜਸਕੀਰਤ ਸਿੰਘ ਬੀਟੈੱਕ ਇਲੈਕਟ੍ਰੀਕਲ ਦੀ ਡਿਗਰੀ ਕਰਨ ਉਪਰੰਤ 2017 ‘ਚ ਕੈਨੇਡਾ ਪੜ੍ਹਨ ਗਿਆ ਸੀ। ਉਹ ਜੁਲਾਈ 2021 ਤੋਂ ਜੁਲਾਈ 2022 ਤੱਕ ਪੂਰਾ ਇੱਕ ਵਰ੍ਹਾ ਆਪਣੇ ਮਾਪਿਆਂ ਕੋਲ ਰਹਿ ਕੇ ਵਾਪਸ ਗਿਆ ਸੀ।