2 ਮਈ ਨੂੰ ਹਾਈ ਕੋਰਟ ਸੁਣਾ ਸਕਦਾ ਹੈ ਫੈਸਲਾ
ਅਹਿਮਦਾਬਾਦ/ਬਿਊਰੋ ਨਿਊਜ਼ : ਮੋਦੀ ਸਰਨੇਮ ਮਾਨਹਾਨੀ ਮਾਮਲੇ ’ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪੁਨਰਵਿਚਾਰ ਪਟੀਸ਼ਨ ’ਤੇ ਗੁਜਰਾਤ ਹਾਈ ਕੋਰਟ ’ਚ ਸੁਣਵਾਈ ਹੋਈ। ਇਸ ਮਾਮਲੇ ’ਚ ਰਾਹੁਲ ਗਾਂਧੀ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਆਪਣੀਆਂ ਦਲੀਲਾਂ ਕੋਰਟ ’ਚ ਰੱਖੀਆਂ। ਐਡਵੋਕੇਟ ਸਿੰਘਵੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਹੇਮੰਤ ਨੇ ਕਿਹਾ ਕਿ ਹੁਣ ਸ਼ਿਕਾਇਤਾਕਰਤਾ ਨੂੰ ਵੀ ਆਪਣਾ ਪੱਖ ਰੱਖ ਲੈਣ ਦਿਓ। ਸਾਰੀਆਂ ਦਲੀਲਾਂ ਸੁਣਨ ਤੋਂ ਜਸਟਿਸ ਹੇਮੰਤ ਨੇ ਫੈਸਲਾ ਰਾਖਵਾਂ ਰੱਖ ਲਿਆ ਅਤੇ ਆਉਂਦੀ 2 ਮਈ ਨੂੰ ਇਸ ਮਾਮਲੇ ’ਤੇ ਫੈਸਲਾ ਸੁਣਾਇਆ ਜਾ ਸਕਦਾ ਹੈ। ਧਿਆਨ ਰਹੇ ਕਿ ਲੰਘੀ 23 ਮਾਰਚ ਨੂੰ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਧਾਰਾ 500 ਦੇ ਤਹਿਤ ਦੋ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਕੋਰਟ ਨੇ ਉਨ੍ਹਾਂ ਨੂੰ ਤੁਰੰਤ ਜ਼ਮਾਨਤ ਵੀ ਦੇ ਦਿੱਤੀ ਸੀ। ਇਸ ਮਾਮਲੇ ’ਚ 20 ਅਪ੍ਰੈਲ ਨੂੰ ਹੋਈ ਸੁਣਵਾਈ ’ਚ ਸੂਰਤ ਦੀ ਸੈਸ਼ਨ ਕੋਰਟ ਅਪਰਾਧਿਕ ਮਾਨਹਾਨੀ ਦੇ ਮਾਮਲੇ ’ਚ ਰਾਹੁਲ ਦੀ ਸਜ਼ਾ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।