ਮੁਹੱਲਾ ਕਲੀਨਿਕ ’ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਦਿਖਾਉਣ ਦਾ ਲੱਗਿਆ ਆਰੋਪ
ਬਰਨਾਲਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਬਰਨਾਲਾ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਅਤੇ ਕਲੀਨਿਕ ਸਹਾਇਕ ਮਨਪ੍ਰੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਲਾਭ ਸਿੰਘ ਉਗੋਕੇ ਦੇ ਕਹਿਣ ’ਤੇ ਕੀਤੀ ਗਈ ਹੈ। ਜਾਂਚ ’ਚ ਸਾਹਮਣੇ ਆਇਆ ਕਿ ਡਾਕਟਰ ਨੇ ਰਿਕਾਰਡ ’ਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਦਿਖਾ ਕੇ ਫਰਜੀਵਾੜਾ ਕੀਤਾ ਹੈ। ਉਥੇ ਹੀ ਸਸਪੈਂਡ ਕੀਤੇ ਗਏ ਡਾਕਟਰ ਅਤੇ ਉਨ੍ਹਾਂ ਦੀ ਟੀਮ ਦੇ ਹੱਕ ’ਚ ਇਲਾਕੇ ਦੇ ਲੋਕ ਉਤਰ ਆਏ ਹਨ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਮੁਹੱਲਾ ਕਲੀਨਿਕ ਦੇ ਸਟਾਫ਼ ਨੂੰ ਬਹਾਲ ਕਰਨ ਦੀ ਮੰਗ ਵੀ ਕੀਤੀ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਬਰਨਾਲਾ ਮੁਹੱਲਾ ਕਲੀਨਿਕ ਦੀ ਟੀਮ ਵੱਲੋਂ ਮੁਹੱਲਾ ਕਲੀਨਿਕ ’ਚ ਪਹੁੰਚੇ ਮਰੀਜ਼ਾਂ ਦੀ ਗਿਣਤੀ ਨੂੰ ਦੁੱਗਣਾ ਦਿਖਾਇਆ ਜਾ ਰਿਹਾ ਸੀ ਅਤੇ ਜਾਂਚ ਤੋਂ ਬਾਅਦ 24 ਅਪ੍ਰੈਲ ਤੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਖਤਮ ਕਰਨ ਦੇ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਮੁਹੱਲਾ ਕਲੀਨਿਕਾਂ ਦੇ ਡਾਕਟਰ, ਫਾਰਮਾਸਿਸਟ ਅਤੇ ਹੋਰ ਕਰਮਚਾਰੀਆਂ ਨੂੰ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਸਰਕਾਰ ਵੱਲੋਂ ਪੈਸੇ ਦਿੱਤੇ ਜਾਂਦੇ ਹਨ। ਬਰਖਾਸਤ ਡਾਕਟਰ ਕੰਵਰ ਨਵਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ ਅਤੇ ਸਾਡੇ ਵੱਲੋਂ ਦਿਖਾਈ ਮਰੀਜ਼ਾਂ ਦੀ ਗਿਣਤੀ ਬਿਲਕੁਲ ਸਹੀ ਹੈ। ਇਸ ਸਬੰਧੀ ਇਕ-ਇਕ ਮਰੀਜ਼ ਕੋਲ ਜਾ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਜਿਸ ਰਿਪੋਰਟ ਦੇ ਆਧਾਰ ’ਤੇ ਸਾਨੂੰ ਹਟਾਇਆ ਜਾ ਰਿਹਾ ਹੈ ਉਹ ਰਿਪੋਰਟ ਹੀ ਫਰਜੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …