ਪੰਜ ਸਾਲਾਂ ਵਿਚ 1 ਲੱਖ ਕਰੋੜ ਦੇ ਹਥਿਆਰ ਖਰੀਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਕੋਲੋਂ ਹਥਿਆਰ ਖਰੀਦਣ ਦੇ ਮਾਮਲੇ ਵਿਚ ਭਾਰਤ ਪੂਰੀ ਦੁਨੀਆ ਵਿਚ ਪਹਿਲੇ ਨੰਬਰ ’ਤੇ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਏਜੰਸੀ ਦੇ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਰੂਸ ਨੇ ਕਰੀਬ 13 ਬਿਲੀਅਨ ਡਾਲਰ ਯਾਨੀ 1 ਲੱਖ ਕਰੋੜ ਰੁਪਏ ਦੇ ਹਥਿਆਰ ਭਾਰਤ ਨੂੰ ਸਪਲਾਈ ਕੀਤੇ ਹਨ। ਭਾਰਤ ਨੇ ਇਸ ਦੌਰਾਨ ਰੂਸ ਤੋਂ 10 ਬਿਲੀਅਨ ਡਾਲਰ ਦੇ ਹਥਿਆਰ ਮੰਗੇ ਸਨ। ਏਜੰਸੀ ਨੇ ਇਹ ਵੀ ਦੱਸਿਆ ਕਿ ਰੂਸ ਦੇ 20 ਫੀਸਦੀ ਹਥਿਆਰਾਂ ਨੂੰ ਭਾਰਤ ਇਕੱਲਾ ਹੀ ਖਰੀਦ ਰਿਹਾ ਹੈ। ਯੂਕਰੇਨ ਜੰਗ ਦੇ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਦਾ ਵੀ ਦੋਵੇਂ ਦੇਸ਼ਾਂ ਵਿਚ ਹੋਣ ਵਾਲੀ ਹਥਿਆਰਾਂ ਦੀ ਖਰੀਦ ’ਤੇ ਅਸਰ ਨਹੀਂ ਪਿਆ। ਰੂਸ ਦੀ ਫੈਡਰਲ ਸਰਵਿਸ ਫਾਰ ਮਿਲਟਰੀ ਟੈਕਨੀਕਲ ਕਾਰਪੋਰੇਸ਼ਨ ਦੇ ਹੈਡ ਡਿਮਿਟ੍ਰੀ ਸ਼ੂਗਾਯੇਵ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਚੀਨ ਅਤੇ ਕਈ ਸਾਊਥ ਈਸਟ ਏਸ਼ੀਅਨ ਦੇਸ਼ਾਂ ਨੇ ਰੂਸ ਕੋਲੋਂ ਹਥਿਆਰ ਖਰੀਦਣ ਵਿਚ ਆਪਣੀ ਦਿਲਚਸਪੀ ਘੱਟ ਨਹੀਂ ਕੀਤੀ। ਸ਼ੂਗਾਯੇਵ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਭਾਰਤ ’ਤੇ ਖੂਬ ਦਬਾਅ ਬਣਾਇਆ ਸੀ ਕਿ ਉਹ ਰੂਸ ਕੋਲੋਂ ਹਥਿਆਰ ਨਾ ਖਰੀਦੇ। ਹਾਲਾਂਕਿ ਭਾਰਤ ਇਨ੍ਹਾਂ ਦਬਾਵਾਂ ਅੱਗੇ ਨਹੀਂ ਝੁਕਿਆ ਅਤੇ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਕਾਇਮ ਰੱਖਿਆ। ਉਨ੍ਹਾਂ ਇਹ ਵੀ ਦੱਸਿਆ ਕਿ ਏਸ਼ੀਆਈ ਦੇਸ਼ ਰੂਸ ਦੇ ਕੁਝ ਚੋਣਵੇਂ ਹਥਿਆਰਾਂ ਵਿਚ ਜ਼ਿਆਦਾ ਰੁਚੀ ਰੱਖਦੇ ਹਨ।