ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਲਈ 3 ਹਜ਼ਾਰ ਭਾਰਤੀ ਸਿੱਖਾਂ ਲਈ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਵੀਜ਼ੇ ਜਾਰੀ ਕੀਤੇ ਜਾਣਗੇ। ਇਸ ਦੇ ਇਲਾਵਾ ਇਸ ਵਾਰ ਵਿਸਾਖੀ ‘ਤੇ 2 ਹਜ਼ਾਰ ਤੋਂ ਵਧੇਰੇ ਇੰਗਲੈਂਡ, ਅਮਰੀਕਾ, ਇਟਲੀ, ਹਾਂਗਕਾਂਗ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਦੇ ਸਿੱਖ ਵੀ ਪਾਕਿਸਤਾਨ ਪਹੁੰਚ ਰਹੇ ਹਨ।
ਲਾਹੌਰ ‘ਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਹੈੱਡ ਆਫਿਸ ਵਿਖੇ ਚੇਅਰਮੈਨ ਹਬੀਬ-ਉਰ-ਰਹਿਮਾਨ ਗਿਲਾਨੀ ਦੀ ਅਗਵਾਈ ‘ਚ ਹੋਈ ਬੈਠਕ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਬੈਠਕ ‘ਚ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਰਾਣਾ ਸ਼ਾਹਿਦ ਸਲੀਮ, ਡਿਪਟੀ ਸਕੱਤਰ (ਸ਼ਰਾਈਨਜ਼) ਸੈਫਉੱਲਾ ਖੋਖਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਰੇਂਜਰਜ਼, ਸੰਘੀ ਅਤੇ ਸੂਬਾਈ ਵਿਭਾਗਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਗਿਲਾਨੀ ਨੇ ਦੱਸਿਆ ਕਿ ਵਿਸਾਖੀ ਮੌਕੇ ਭਾਰਤੀ ਸਿੱਖ ਸੰਗਤਾਂ ਦਾ ਜਥਾ 9 ਅਪ੍ਰੈਲ ਨੂੰ ਅਟਾਰੀ ਸਰਹੱਦ ਰਾਹੀਂ ਪੈਦਲ ਵਾਹਗਾ ਪਹੁੰਚੇਗਾ। 10 ਅਪ੍ਰੈਲ ਨੂੰ ਸੰਗਤ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰੇਗੀ ਅਤੇ 11 ਅਪ੍ਰੈਲ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਉੱਥੋਂ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣਗੇ।
12 ਅਪ੍ਰੈਲ ਨੂੰ ਯਾਤਰੂ ਹਸਨ ਅਬਦਾਲ ਪਹੁੰਚਣਗੇ ਅਤੇ 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਪਾਠ ਦੇ ਭੋਗ ਪਾਏ ਜਾਣਗੇ ਅਤੇ ਨਗਰ ਕੀਰਤਨ ਸਜਾਇਆ ਜਾਵੇਗਾ। 15 ਅਪ੍ਰੈਲ ਨੂੰ ਯਾਤਰੂਆਂ ਨੂੰ ਲਾਹੌਰ ਲਈ ਰਵਾਨਾ ਕੀਤਾ ਜਾਵੇਗਾ। ਅਗਲੇ ਦਿਨ 16 ਅਪ੍ਰੈਲ ਨੂੰ ਯਾਤਰੂ ਏਮਨਾਬਾਦ ਕਸਬੇ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਰਾਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਠਹਿਰਨਗੇ ਅਤੇ 18 ਅਪ੍ਰੈਲ ਨੂੰ ਭਾਰਤ ਵਾਪਸੀ ਹੋਵੇਗੀ।
Check Also
ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਕੀਤਾ ਮੁਲਤਵੀ
ਪਰਿਵਾਰ ਅਤੇ ਦੋਸਤਾਂ ਸਮੇਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਟੇਕਣਾ ਸੀ ਮੱਥਾ ਅੰਮਿ੍ਰਤਸਰ/ਬਿਊਰੋ ਨਿਊਜ਼ : …