Breaking News
Home / ਪੰਜਾਬ / ਲੁਧਿਆਣਾ ‘ਚ ਟਾਟਾ ਗਰੁੱਪ ਦੇ ਪਲਾਂਟ ਦਾ ਕੰਮ ਸ਼ੁਰੂ

ਲੁਧਿਆਣਾ ‘ਚ ਟਾਟਾ ਗਰੁੱਪ ਦੇ ਪਲਾਂਟ ਦਾ ਕੰਮ ਸ਼ੁਰੂ

ਪੰਜਾਬ ਦੇ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ: ਮੁੱਖ ਮੰਤਰੀ
ਚੰਡੀਗੜ੍ਹ : ਪੰਜਾਬ ‘ਚ ਲੱਗਣ ਵਾਲੇ ਟਾਟਾ ਗਰੁੱਪ ਦੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਕੰਮ ਲੁਧਿਆਣਾ ਵਿੱਚ ਸ਼ੁਰੂ ਹੋ ਗਿਆ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਵਿੱਚ ਟਾਟਾ ਗਰੁੱਪ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ‘ਚ ਪਹਿਲੇ ਪੜਾਅ ਵਿੱਚ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਆਧਾਰਿਤ ਸਟੀਲ ਪਲਾਂਟ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰਾਜੈਕਟ ਤੋਂ ਬਹੁਤ ਲਾਭ ਮਿਲੇਗਾ, ਜੋ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਲੁਧਿਆਣਾ ਵਿਚ ਸਥਾਪਤ ਕੀਤੇ ਜਾਣ ਵਾਲੇ ਪ੍ਰਾਜੈਕਟ ਦੇ ਪਹਿਲੇ ਪੜਾਅ ‘ਚ ਲਗਪਗ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ ਜੋ ਪੰਜਾਬ ਸਰਕਾਰ ਦੇ ਹਾਈ-ਟੈੱਕ ਵੈਲੀ ਇੰਡਸਟਰੀਅਲ ਪਾਰਕ ਨਾਲ ਲੱਗਦਾ ਹੈ। ਇਹ ਪ੍ਰਾਜੈਕਟ ਸੂਬੇ ‘ਚ ਵਿਸ਼ਵ ਪ੍ਰਸਿੱਧ ਕੰਪਨੀ ਵੱਲੋਂ ਕੀਤਾ ਗਿਆ ਪਹਿਲਾ ਨਿਵੇਸ਼ ਹੈ, ਜਿਸ ਨੇ ਜਮਸ਼ੇਦਪੁਰ ਤੋਂ ਬਾਅਦ ਦੇਸ਼ ਵਿੱਚ ਦੂਜਾ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ। ਇਹ ਪ੍ਰਾਜੈਕਟ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ। ਭਗਵੰਤ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਪਹਿਲਾਂ ਕੰਪਨੀਆਂ ਨੂੰ ਸੂਬੇ ਦੇ ਰਸੂਖਵਾਨ ਪਰਿਵਾਰਾਂ ਨਾਲ ਸਮਝੌਤੇ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਪਰ ਹੁਣ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸੂਬੇ ਦੇ ਆਮ ਲੋਕਾਂ ਨਾਲ ਸਮਝੌਤੇ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਵੱਲੋਂ ਬੰਬੇ ਸਟਾਕ ਐਕਸਚੇਂਜ ਦਾ ਦੌਰਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਫੇਰੀ ਦੌਰਾਨ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ ਦੌਰਾ ਕੀਤਾ। ਉਨ੍ਹਾਂ ਪੰਜਾਬ ਨੂੰ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਦਰਸਾਇਆ। ਮੁੱਖ ਮੰਤਰੀ ਨੇ ਬੀਐੱਸਈ ਵਿਚ ਘੰਟੀ ਵਜਾਉਣ (ਮਾਰਕੀਟ ਖੁੱਲ੍ਹਣ ਦਾ ਸੰਕੇਤ) ਦੀ ਰਸਮ ਅਦਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਪੰਜਾਬ ਵਿੱਚ ਨਿਵੇਸ਼ ਕਰਨ ਨਾਲ ਉੱਦਮੀਆਂ ਨੂੰ ਵੱਡਾ ਲਾਭ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ਦੀਆਂ ਸਨਅਤਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਸਨਅਤਾਂ ਨੂੰ ਸਭ ਤੋਂ ਸਸਤੀ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਜਦੋਂਕਿ ਰਿਹਾਇਸ਼ੀ ਖੇਤਰ ਵਿੱਚ 87 ਫ਼ੀਸਦ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਨਅਤਕਾਰਾਂ ਨੂੰ ਸਰਕਾਰ ਤੋਂ ਪ੍ਰਵਾਨਗੀ ਲੈਣ ਲਈ ਧੱਕੇ ਨਹੀਂ ਖਾਣੇ ਪੈਣਗੇ ਬਲਕਿ ਸਿੰਗਲ ਵਿੰਡੋ ਸਿਸਟਮ ਰਾਹੀ ਸਾਰੀਆਂ ਪ੍ਰਵਾਨਗੀਆਂ ਇੱਕੋਂ ਥਾਂ ਤੋਂ ਮਿਲ ਸਕਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਅਗਲੇ ਮਹੀਨੇ 23 ਤੇ 24 ਫਰਵਰੀ ਨੂੰ ਮੁਹਾਲੀ ਵਿਚ ਹੋਣ ਵਾਲੇ ਪੰਜਾਬ ਨਿਵੇਸ਼ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਮੀਲ ਪੱਥਰ ਸਾਬਤ ਹੋਵੇਗਾ, ਜਿਹੜਾ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ। ਇਸ ਮੌਕੇ ਬੀਐੱਸਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰਮਨ ਆਰ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …