ਕੇਂਦਰ ਸਰਕਾਰ ਦੇ ਫੈਸਲੇ ਦਾ ਹੋ ਰਿਹਾ ਹੈ ਵਿਰੋਧ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਯੋਜਨਾ ਨਾਲ ਵੱਡੀ ਗਿਣਤੀ ਵਰਗ ਸਹਿਮਤ ਨਹੀਂ ਹਨ। ਇਸ ਯੋਜਨਾ ਖਿਲਾਫ ਹੁਣ ਸਾਬਕਾ ਫੌਜੀ ਵੀ ਨਿੱਤਰ ਆਏ ਹਨ। ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖ ਫੌਜੀਆਂ ਲਈ ਹੈਲਮੇਟ ਲਿਆਉਣ ਦੀ ਤਜਵੀਜ਼ ਹੈ। ਭਾਰਤੀ ਫੌਜ ਵਲੋਂ ਫੌਜੀਆਂ ਲਈ ਬੈਲਿਸਟਿਕ ਹੈਲਮੇਟ (ਬੁਲਟਪਰੂਫ) ਦੀ ਮੰਗ ਕੀਤੀ ਗਈ ਹੈ ਅਤੇ ਹੈਲਮੇਟ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਅਜਿਹੇ 12730 ਹੈਲਮੇਟ ਦੀ ਮੰਗ ਕੀਤੀ ਗਈ ਹੈ।
ਸੇਵਾਮੁਕਤ ਕਰਨਲ ਦਰਸ਼ਨ ਸਿੰਘ ਬਾਵਾ (ਪਿੰਗਲਵਾੜੇ ਦੇ ਪ੍ਰਸ਼ਾਸਕ) ਨੇ ਕਿਹਾ ਕਿ ਗੁਰੂਕਾਲ ਤੋਂ ਹੀ ਸਿੱਖ ਫੌਜੀ ਦਸਤਾਰਾਂ ਪਹਿਨ ਕੇ ਜੰਗ ਲੜਦੇ ਆਏ ਹਨ। ਮੁਗਲ ਕਾਲ ਤੋਂ ਅੰਗਰੇਜ਼ਾਂ ਦੇ ਰਾਜ ਤਕ, ਵਿਸ਼ਵ ਜੰਗ ਤੇ ਫਿਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਈਆਂ ਜੰਗਾਂ ਵਿੱਚ ਵੀ ਸਿੱਖ ਫੌਜੀਆਂ ਨੇ ਦਸਤਾਰਾਂ ਬੰਨ੍ਹ ਕੇ ਹੀ ਲੜਾਈਆਂ ਲੜੀਆਂ ਹਨ। ਇਹ ਸਮਝ ਤੋਂ ਬਾਹਰ ਹੈ ਕਿ ਇਸ ਯੋਜਨਾ ਪਿੱਛੇ ਕਿਸ ਦਾ ਹੱਥ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਿੱਖ ਰੈਜੀਮੈਂਟ ਵੱਲੋਂ ਇਸ ਸਬੰਧੀ ਮੰਗ ਨਹੀਂ ਕੀਤੀ ਗਈ। ਸੇਵਾਮੁਕਤ ਕਰਨਲ ਐਚ ਪੀ ਸਿੰਘ ਨੇ ਕਿਹਾ ਕਿ ਹੈਲਮੇਟ ਸਿਰਫ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਫੌਜੀਆਂ ਲਈ ਹੋਣਾ ਚਾਹੀਦਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਦਸਤਾਰ ਨਾਲੋਂ ਹੈਲਮੇਟ ਵਧੇਰੇ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਇਹ ਸਿੱਖ ਫੌਜੀਆਂ ਦੀ ਵਰਦੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸ਼ਾਂਤੀ ਵਾਲੇ ਇਲਾਕਿਆਂ ਵਿੱਚ ਡਿਊਟੀ ਨਿਭਾ ਰਹੇ ਫੌਜੀਆਂ ਲਈ ਲਾਜ਼ਮੀ ਹੋਣਾ ਚਾਹੀਦਾ ਹੈ।
ਜਥੇਬੰਦੀ ਯੂਨਾਈਟਿਡ ਸਿੱਖ ਇੰਡੀਆ ਦੇ ਡਾਇਰੈਕਟਰ ਅਤੇ ਗਲੋਬਲ ਸਿੱਖ ਕੌਂਸਲ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਸਰਕਾਰ ਸਿੱਖ ਫੌਜੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਜਿਹਾ ਫੈਸਲਾ ਕਿਵੇਂ ਲੈ ਸਕਦੀ ਹੈ। ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿੱਚ ਸਿੱਖ ਫੌਜੀਆਂ ਨੂੰ ਦਸਤਾਰ ਪਹਿਨਣ ਦੀ ਆਗਿਆ ਦਿੱਤੀ ਗਈ ਹੈ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਵੇਰਕਾ ਦਾ ਵਿਚਾਰ ਹੈ ਕਿ ਹੈਲਮੇਟ ਸਿੱਖ ਫ਼ੌਜੀਆਂ ਲਈ ਲਾਜ਼ਮੀ ਨਹੀਂ ਹੋਣਾ ਚਾਹੀਦਾ ਪਰ ਇਕ ਵਿਕਲਪ ਹੋ ਸਕਦਾ ਹੈ। ਇਹ ਵਿਕਲਪ ਅੰਮ੍ਰਿਤਧਾਰੀ ਫੌਜੀ ਦੀ ਆਪਣੀ ਮਰਜ਼ੀ ‘ਤੇ ਨਿਰਭਰ ਹੋਣਾ ਚਾਹੀਦਾ ਹੈ। ਜੇਕਰ ਕੋਈ ਫੌਜੀ ਪਾਉਣਾ ਚਾਹੇ ਤਾਂ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ਨੂੰ ਪਹਿਨ ਸਕਦਾ ਹੈ। ਇਸ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕੀਤਾ ਹੈ।