Breaking News
Home / ਪੰਜਾਬ / ਬਠਿੰਡਾ ਅਤੇ ਫਰੀਦਕੋਟ ਵਿਚ ਠੰਢ ਦਾ ਰਿਕਾਰਡ ਟੁੱਟਿਆ

ਬਠਿੰਡਾ ਅਤੇ ਫਰੀਦਕੋਟ ਵਿਚ ਠੰਢ ਦਾ ਰਿਕਾਰਡ ਟੁੱਟਿਆ

ਦਹਾਕੇ ਬਾਅਦ ਤਾਪਮਾਨ ਮਨਫੀ ਨੂੰ ਪੁੱਜਾ; ਬਠਿੰਡਾ ਮਨਫੀ 0.2 ਨਾਲ ਸਭ ਤੋਂ ਠੰਢਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਬਠਿੰਡਾ ਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਠੰਢ ਨੇ ਪਿਛਲੇ ਦਸ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਪਹਾੜੀ ਇਲਾਕੇ ਵਿੱਚ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਨੂੰ ਠਾਰ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਰਾਤ ਅਤੇ ਸਵੇਰ ਸਮੇਂ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ।
ਬਠਿੰਡਾ ਅਤੇ ਫਰੀਦਕੋਟ ਵਰਗੇ ਸ਼ਹਿਰਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਮਨਫੀ ਨੂੰ ਪੁੱਜ ਗਿਆ ਹੈ। ਪੰਜਾਬ ਦੇ 15 ਸ਼ਹਿਰਾਂ ਵਿੱਚ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ ਹੈ। ਬਠਿੰਡਾ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 0.2 ਡਿਗਰੀ ਰਿਹਾ, ਜੋ ਕਿ ਆਮ ਨਾਲੋਂ 5.5 ਡਿਗਰੀ ਘੱਟ ਹੈ।
ਇਸੇ ਤਰ੍ਹਾਂ ਫਰੀਦਕੋਟ ਵਿੱਚ ਬੁੱਧਵਾਰ ਨੂੰ ਤਾਪਮਾਨ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੋਵਾਂ ਸ਼ਹਿਰਾਂ ਵਿੱਚ ਪਿਛਲੇ ਇਕ ਹਫਤੇ ਤੋਂ ਤਾਪਮਾਨ ਮਨਫ਼ੀ ਜਾਂ ਇਕ ਡਿਗਰੀ ਸੈਲਸੀਅਸ ਦੇ ਬਰਾਬਰ ਰਹਿ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਨਵਰੀ ਮਹੀਨੇ ਵਿੱਚ ਬਠਿੰਡਾ ਅਤੇ ਫਰੀਦਕੋਟ ਸ਼ਹਿਰ ਵਿੱਚ ਪਈ ਠੰਢ ਨੇ ਪਿਛਲੇ ਇਕ ਦਹਾਕੇ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਸਾਲ 2022 ਵਿੱਚ ਘੱਟ ਤੋਂ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ, ਸਾਲ 2021 ਵਿੱਚ 1 ਡਿਗਰੀ, ਸਾਲ 2020 ਵਿੱਚ 0.5 ਡਿਗਰੀ, 2019 ਵਿੱਚ 1.5 ਡਿਗਰੀ, 2018 ਵਿੱਚ 1.8 ਡਿਗਰੀ ਅਤੇ ਸਾਲ 2017 ਵਿੱਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਫਰੀਦਕੋਟ ਵਿੱਚ ਪਿਛਲੇ ਛੇ ਸਾਲਾਂ ਦੌਰਾਨ 2022 ਵਿੱਚ 3 ਡਿਗਰੀ, 2021 ਵਿੱਚ 0.2 ਡਿਗਰੀ, 2020 ਵਿੱਚ 1.2 ਡਿਗਰੀ, 2019 ਵਿੱਚ 1.2 ਡਿਗਰੀ, 2018 ਵਿੱਚ 2 ਡਿਗਰੀ ਅਤੇ ਸਾਲ 2017 ਵਿੱਚ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਰੇਤਲੇ ਇਲਾਕੇ ਵਿੱਚ ਠੰਢ ਅਤੇ ਗਰਮੀ ਦੋਵੇਂ ਵੱਧ ਪੈਂਦੇ ਹਨ, ਜਿਸ ਕਾਰਨ ਇਸ ਵਾਰ ਤਾਪਮਾਨ ਮਨਫ਼ੀ ਵਿੱਚ ਦਰਜ ਕੀਤਾ ਜਾ ਰਿਹਾ ਹੈ।
ਠੰਢ ਨੇ ਉੱਤਰੀ ਭਾਰਤ ਨੂੰ ਜਕੜਿਆ
ਨਵੀਂ ਦਿੱਲੀ: ਠੰਢ ਨੇ ਪੂਰੇ ਉੱਤਰੀ ਭਾਰਤ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਜੰਮੂ ਕਸ਼ਮੀਰ ਦੇ ਰਿਜ਼ੌਰਟ ਟਾਊਨ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 11.7 ਡਿਗਰੀ ਰਿਹਾ ਜਦੋਂਕਿ ਕੌਮੀ ਰਾਜਧਾਨੀ ਦਿੱਲੀ ਵਿਚ ਲਗਾਤਾਰ ਸੀਤ ਲਹਿਰ ਦਾ ਜ਼ੋਰ ਰਿਹਾ। ਰਾਜਸਥਾਨ ਦੇ ਸੀਕਰ, ਚੁਰੂ ਤੇ ਕਰੌਲੀ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਤਾਪਮਾਨ ਤਾਪਮਾਨ ਜਮਾਊ ਦਰਜੇ ਤੋਂ ਹੇਠਾਂ ਚਲਾ ਗਿਆ। ਫ਼ਤਿਹਪੁਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 2.2 ਡਿਗਰੀ ਰਿਕਾਰਡ ਕੀਤਾ ਗਿਆ।

 

Check Also

ਪੰਜਾਬ ’ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ

ਵਿਰੋਧੀ ਪਾਰਟੀਆਂ ਨੇ ‘ਆਪ’ ਸਰਕਾਰ ’ਤੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 15 ਅਕਤੂੁਬਰ ਨੂੰ …