ਹਾਈਕੋਰਟ ਜਿੰਮ ਤੇ ਹੈਲਥ ਕਲੱਬਾਂ ’ਚ ਦਿੱਤੇ ਜਾਂਦੇ ਸਪਲੀਮੈਂਟਸ ’ਤੇ ਹੋਇਆ ਸਖਤ
ਚੰਡੀਗੜ੍ਹ/ਬਿਊਰੋ ਨਿਊਜ਼
ਜਿੰਮ ਅਤੇ ਹੈਲਥ ਕਲੱਬਾਂ ’ਚ ਕਸਰਤ ਦੌਰਾਨ ਹੋ ਰਹੀਆਂ ਮੌਤਾਂ ਅਤੇ ਨੌਜਵਾਨਾਂ ’ਚ ਦਿਲ ਦੇ ਦੌਰੇ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟਾਉਂਦੀ ਇਕ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਇਸ ਪਟੀਸ਼ਨ ’ਚ ਜਿੰਮ ਤੇ ਹੈਲਥ ਕਲੱਬਾਂ ਵੱਲੋਂ ਨੌਜਵਾਨਾਂ ਨੂੰ ਸਿਫ਼ਾਰਸ਼ ਕੀਤੇ ਜਾਂਦੇ ਸਪਲੀਮੈਂਟਸ ’ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਇਸ ਸਬੰਧੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਵਧੇਰੇ ਨੌਜਵਾਨ ਬਗ਼ੈਰ ਮੈਡੀਕਲ ਜਾਂਚ ਦੇ ਜਿੰਮ ਜਾਣ ਲੱਗਦੇ ਹਨ ਤੇ ਉੱਥੇ ਸਰੀਰ ਬਣਾਉਣ ਲਈ ਪ੍ਰੋਟੀਨ ਪਾਊਡਰ ਆਦਿ ਲੈਣ ਲੱਗਦੇ ਹਨ। ਜਦਕਿ ਇਹ ਚੀਜ਼ਾਂ ਡਾਕਟਰਾਂ ਦੀ ਸਲਾਹ ਦੇ ਬਗ਼ੈਰ ਨਹੀਂ ਲੈਣੀਆਂ ਚਾਹੀਦੀਆਂ। ਇਹੀ ਕਾਰਨ ਹੈ ਕਿ ਬੀਤੇ ਕੁਝ ਸਾਲਾਂ ’ਚ ਜਿੰਮ ਜਾਣ ਵਾਲੇ ਨੌਜਵਾਨਾਂ ਦੀ ਦਿਲ ਦੇ ਦੌਰੇ ਨਾਲ ਅਚਾਨਕ ਮੌਤ ਹੋਣ ਦੀਆਂ ਘਟਨਾਵਾਂ ਦੀ ਗਿਣਤੀ ਵਧ ਰਹੀ ਹੈ। ਬੀਤੇ ਦਿਨੀਂ ਸੈਲੇਬਿ੍ਰਟੀਜ਼ ਵੀ ਇਸੇ ਤਰ੍ਹਾਂ ਮੌਤ ਦੇ ਮੂੰਹ ’ਚ ਗਏ ਹਨ। ਇਕ ਸਰਵੇ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਇਹੇ ਜਿਹੇ ਮਾਮਲਿਆਂ ’ਚ 22 ਫ਼ੀਸਦੀ ਵਾਧਾ ਹੋਇਆ ਹੈ। ਮੀਡੀਆ ’ਚ ਆਈ ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਸੂਬਾ ਸਰਕਾਰ ਨੇ ਹਾਈਕੋਰਟ ਕੋਲ ਮੰਨਿਆ ਕਿ ਜਾਂਚ ਦੌਰਾਨ ਕਈ ਜਿੰਮ ਵਾਲਿਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਬਾਡੀ ਬਿਲਡਰਾਂ ਨੂੰ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਤੇ ਹੁਣ ਹਾਈਕੋਰਟ ਨੇ ਜਿੰਮ ਤੇ ਹੈਲਥ ਕਲੱਬਾਂ ਦੀ ਜਾਂਚ ਰਿਪੋਰਟ ਤਲਬ ਕਰ ਲਈ ਹੈ। ਨਾਲ ਹੀ ਅਗਲੀ ਸੁਣਵਾਈ ’ਤੇ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …