ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਸਿੰਘ ਖਹਿਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਲੰਘੇ ਕੱਲ੍ਹ ਜ਼ਮਾਨਤ ਮਿਲ ਗਈ ਸੀ ਅਤੇ ਉਨ੍ਹਾਂ ਨੂੰ ਅੱਜ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਇਸੇ ਦੌਰਾਨ ਸੁਖਪਾਲ ਖਹਿਰਾ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ’ਤੇ ਵੀ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿਚ ਬੈਠੇ ਨੂੰ ਉਮੀਦਵਾਰ ਐਲਾਨ ਦਿੱਤਾ ਅਤੇ ਉਹ ਲੋਕਾਂ ਦੇ ਪਿਆਰ ਸਦਕਾ ਹੀ ਚੋਣ ਲੜ ਰਹੇ ਹਨ। ਖਹਿਰਾ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਦੀ ਕੋਈ ਬੇਈਮਾਨੀ ਨਹੀਂ ਕੀਤੀ। ਜਿਨ੍ਹਾਂ ਲੋਕਾਂ ਨੇ ਮੈਨੂੰ ਝੂਠੇ ਮਾਮਲੇ ਵਿਚ ਫਸਾਇਆ ਹੈ, ਪ੍ਰਮਾਤਮਾ ਉਨ੍ਹਾਂ ਦਾ ਵੀ ਬੁਰਾ ਨਾ ਕਰੇ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹਨਾਂ ਦੀ ਆਪਣੀ ਹੀ ਪਾਰਟੀ ਵਿਚ ਕਈ ਵਿਅਕਤੀ ਅਜਿਹੇ ਹਨ, ਜੋ ਚਾਹੁੰਦੇ ਸਨ ਕਿ ਖਹਿਰਾ ਚੋਣ ਨਾ ਲੜ ਸਕੇ।