Dr. Harish Kumar Verma
B.A.M.S. Gold Medalist, D.N.M. (Canada)
President Best Ayurveda Limited
2250. Bovaird Dr. East.
Unit 416. Brampton. ON.
L6R0W3. Canada.
Email: [email protected]
Phone: 416-804-1500
ਗਾਉਟ ਆਰਥਰਾਇਟਸ ਇੱਕ ਸਿਹਤ ਸਬੰਧੀ ਸਮੱਸਿਆ ਹੈ ਜਿਸ ਨੂੰ ਆਯੁਰਵੈਦ ਵਿੱਚ ਵਾਤ-ਰਕਤ ਆਖਿਆ ਜਾਂਦਾ ਹੈ। ਰਾਤ ਨੂੰ ਸੌਂ ਕੇ ਸਵੇਰੇ ਜਾਗਣ ‘ਤੇ ਜਦੋਂ ਤੁਹਾਨੂੰ ਆਪਣੇ ਪੈਰਾਂ ਤੇ ਹੱਥਾਂ ਦੀ ਉਂਗਲਾਂ/ਅੰਗੂਠੇ ਵਿੱਚ ਹਲਕੀ ਹਲਕੀ ਚੀਸ ਤੇ ਦਰਦ ਹੋਵੇ ਤਾਂ ਤੁਹਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਇਹ ਕੋਈ ਥਕਾਵਟ ਦੀ ਪੀੜ ਹੈ; ਸਗੋਂ ਇਹ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਹੋ ਸਕਦਾ ਹੈ। ਜੇਕਰ ਕਦੇ ਪੈਰਾਂ ਦੀਆਂ ਉਂਗਲਾਂ, ਗੋਡਿਆਂ ਤੇ ਅੱਡੀਆਂ ਵਿੱਚ ਤਕਲੀਫ਼ ਹੋਵੇ ਤਾਂ ਇਸ ਨੂੰ ਮਾਮੂਲੀ ਥਕਾਵਟ ਸਮਝ ਕੇ ਨਜ਼ਰਅੰਦਾਜ਼ ਨਾ ਕਰੋ, ਇਹ ਸ਼ਰੀਰ ਵਿੱਚ ਯੂਰਿਕ ਐਸਿਡ ਵਧਣ ਦੇ ਚਿੰਨ੍ਹ ਹੋ ਸਕਦੇ ਹਨ। ਇਸ ਸਿਹਤ ਸਬੰਧੀ ਸਮੱਸਿਆ ਨੂੰ ਗਾਉਟ ਆਰਥਰਾਇਟਸ ਕਿਹਾ ਜਾਂਦਾ ਹੈ।
ਵਧਦੇ ਨਵਜੰਮੇ ਬੱਚਿਆਂ, ਜਵਾਨਾਂ ਅਤੇ ਗਰਭਵਤੀ ਔਰਤਾਂ ਲਈ ਵਾਧੂ ਪ੍ਰੋਟੀਨ ਵਾਲੇ ਭੋਜਨ ਦੀ ਲੋੜ ਹੁੰਦੀ ਹੈ।ਪ੍ਰੋਟੀਨ ਸ਼ਰੀਰ ਨੂੰ ਊਰਜਾ ਵੀ ਪ੍ਰਦਾਨ ਕਰਦਾ ਹੈ।ਪਾਚਨ ਕਿਰਿਆ ਦੌਰਾਨ ਜਦੋਂ ਪ੍ਰੋਟੀਨ ਟੁੱਟਦਾ ਹੈ ਤਾਂ ਸ਼ਰੀਰ ਵਿੱਚ ਯੂਰਿਕ ਐਸਿਡ ਬਣਦਾ ਹੈ ਜਿਹੜਾ ਖ਼ੂਨ ਦੇ ਜ਼ਰੀਏ ਵਹਿੰਦਾ ਹੋਇਆ ਕਿਡਨੀ ਤਕ ਪਹੁੰਚਦਾ ਹੈ। ਯੂਰਿਕ ਐਸਿਡ, ਸ਼ਰੀਰ ਤੋਂ ਬਾਹਰ, ਪਿਸ਼ਾਬ ਦੇ ਰੂਪ ਵਿੱਚ ਨਿਕਲ ਜਾਂਦਾ ਹੈ। ਪਰ ਕਦੇ-ਕਦਾਈਂ ਯੂਰਿਕ ਐਸਿਡ ਸ਼ਰੀਰ ਵਿੱਚ ਹੀ ਰਹਿ ਜਾਂਦਾ ਹੈ ਅਤੇ ਇਸ ਦੀ ਮਾਤਰਾ ਵਧਣ ਲੱਗਦੀ ਹੈ। ਇਹ ਵਧਿਆ ਹੋਇਆ ਐਸਿਡ ਖ਼ੂਨ ਦੇ ਨਾਲ ਸ਼ਰੀਰ ਦੇ ਹੋਰਨਾਂ ਹਿੱਸਿਆਂ ਵਿੱਚ ਪਹੁੰਚ ਜਾਂਦਾ ਹੈ। ਖ਼ਾਸ ਤੌਰ ‘ਤੇ ਹੱਡੀਆਂ ਦੇ ਸੰਧੀ ਭਾਗਾਂ ਵਿੱਚ ਜਾ ਕੇ ਕ੍ਰਿਸਟਲ ਦੇ ਰੂਪ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਜਨਮ ਦਿੰਦੀ ਹੈ ਸ਼ਰੀਰ ਦੇ ਛੋਟੇ ਜੋੜਾਂ ਵਿੱਚ ਗਾਉਟ ਰੋਗ ਨੂੰ।
ਰੈੱਡ ਮੀਟ (ਲਾਲ ਰੰਗ ਦੇ ਮਾਸ), ਸੀ-ਫੂਡ, ਰੈੱਡ ਵਾਈਨ, ਦਾਲ,ਰਾਜਮਾਹ, ਮਸ਼ਰੂਮ, ਗੋਭੀ, ਟਮਾਟਰ, ਪਾਲਕ, ਮਟਰ, ਪਨੀਰ, ਭਿੰਡੀ, ਅਰਬੀ, ਚੌਲ ਵਗ਼ੈਰਾ ਦੇ ਜ਼ਿਆਦਾ ਮਾਤਰਾ ਵਿੱਚ ਸੇਵਨ ਨਾਲ ਵੀ ਯੂਰਿਕ ਐਸਿਡ ਵਧ ਜਾਂਦਾ ਹੈ।
ਉੱਚ ਯੂਰਿਕ ਐਸਿਡ ਹੋਣ ਦੀ ਵਜ੍ਹਾ
25 ਸਾਲਾਂ ਦੀ ਉਮਰ ਤੋਂ ਬਾਅਦ ਸ਼ਰੀਰਕ ਮਿਹਨਤ-ਮਸ਼ੱਕਤ ਕਰਨ ਵਾਲੇ ਵਿਅਕਤੀਆਂ ਵਿੱਚ ਪ੍ਰੋਟੀਨ ਪਿਊਰੀਨ ਅਤੇ ਨਾਲ ਉੱਚ ਮਾਤਰਾ ਵਿੱਚ ਸ਼ਰਕਰਾ ਦਾ ਲਿਆ ਜਾਣਾ ਖ਼ੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਹੈ।
ਕਈ ਲੋਕਾਂ ਵਿੱਚ ਖ਼ਾਨਦਾਨੀ ਕਾਰਨਾਂ ਕਰਕੇ ਵੀ ਯੂਰਿਕ ਐਸਿਡ ਦੇ ਉੱਚੇ ਪੱਧਰ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ।
ਗੁਰਦੇ ਦੁਆਰਾ ਸੀਰਮ ਯੂਰਿਕ ਐਸਿਡ ਦੇ ਘੱਟ ਉਤਸਰਜਨ ਕਰਕੇ ਵੀ ਇਸ ਦਾ ਪੱਧਰ ਖ਼ੂਨ ਵਿੱਚ ਵਧ ਜਾਂਦਾ ਹੈ।
ਉਪਵਾਸ (ਵ੍ਰਤ) ਜਾਂ ਤੇਜ਼ੀ ਨਾਲ ਵਜ਼ਨ ਘਟਾਉਣ ਦੀ ਪ੍ਰਕਿਰਿਆ ਵਿੱਚ ਵੀ ਅਸਥਾਈ ਰੂਪ ਨਾਲ ਯੂਰਿਕ ਐਸਿਡ ਦਾ ਪੱਧਰ ਹੈਰਾਨੀਜਨਕ ਢੰਗ ਨਾਲ ਵਧ ਜਾਂਦਾ ਹੈ। ਪਿਸ਼ਾਬ ਵਧਾਉਣ ਵਾਲੀਆਂ ਦਵਾਈਆਂ ਜਾਂ ਡਾਇਬਟੀਜ਼ ਦੀ ਦਵਾਈਆਂ ਦੇ ਇਸਤੇਮਾਲ ਨਾਲ ਵੀ ਯੂਰਿਕ ਐਸਿਡ ਵਧ ਜਾਂਦਾ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਹੈ ਸ਼ਰੀਰ ਦੇ ਛੋਟੇ ਜੋੜਾਂ ‘ਚ ਦਰਦ ਜਿਸ ਨੂੰ ਗਾਉਟ ਰੋਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਗਾਉਟ ਆਰਥਰਾਇਟਸ ਦੇ ਚਿੰਨ੍ਹ
ਗਾਉਟ ਕਾਰਨ ਜੋੜਾਂ ਵਿੱਚਕਾਰ ਯੂਰਿਕ ਐਸਿਡ ਕ੍ਰਿਸਟਲ ਜਮ੍ਹਾਂ ਹੋਣ ਕਰਕੇ ਤੁਰਨ-ਫਿਰਨ ਵਿੱਚ ਚੁੱਭਵੀਂ ਜਿਹੀ ਟੀਸ ਤੇ ਤਕਲੀਫ਼ ਹੁੰਦੀ ਹੈ, ਜੋੜਾਂ ਵਿੱਚ ਜਕੜਣ ਆ ਜਾਂਦੀ ਹੈ। ਸਰੀਰ ਦੇ ਛੋਟੇ ਜੁਆਇੰਟਸ ਪ੍ਰਭਾਵਿਤ ਹੁੰਦ ਹਨ ਅਤੇ ਖ਼ਾਸ ਕਰਕੇ ਪੈਰਾਂ ਦੇ ਅੰਗੂਠਿਆਂ ਦਾ ਜੋੜ ਤੇ ਉਂਗਲਾਂ ਦੇ ਜੋੜ ਤੇ ਉਂਗਲਾਂ ਵਿੱਚ ਜਕੜਣ ਰਹਿਣ ਲੱਗਦੀ ਹੈ। ਹਾਲਾਂਕਿ ਇਸ ਨਾਲ ਅੱਡੀ, ਗੋਡੇ, ਉਂਗਲੀਆਂ, ਕਲਾਈਆਂ ਤੇ ਕੂਹਣੀਆਂ ਦੇ ਜੋੜ ਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਵਿੱਚ ਦਰਦ ਬਹੁਤ ਹੁੰਦਾ ਹੈ। ਜੋੜ ‘ਤੇ ਲਾਲੀ ਅਤੇ ਸੋਜ਼ਿਸ਼ ਹੋ ਜਾਂਦੀ ਹੈ ਤੇ ਬੁਖ਼ਾਰ ਵੀ ਆ ਜਾਂਦਾ ਹੈ। ਇਹ ਸ਼ਰੀਰ ਵਿੱਚ ਯੂਰਿਕ ਐਸਿਡ ਦੇ ਵਧਣ ਨਾਲ ਪੈਦਾ ਹੁੰਦਾ ਹੈ। ਗਾਉਟ ਰੋਗ ਕਾਰਨ ਜੋੜਾਂ ਨੂੰ ਘੁੰਮਾਉਣ ਜਾਂ ਗਤੀ ਉਤਪੰਨ ਕਰਨ ਵਿੱਚ ਕਠਿਨਾਈ ਮਹਿਸੂਸ ਹੁੰਦੀ ਹੈ। ਠੰਢੀ ਜਾਂ ਸੀਤ ਹਵਾਵਾਂ ਕਰਕੇ ਤਕਲੀਫ਼ ਵਧ ਜਾਂਦੀ ਹੈ। ਇਸ ਦੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਇਸ ਵਿੱਚ ਰਾਤ ਨੂੰ ਦਰਦ ਵਧ ਜਾਂਦਾ ਹੈ ਅਤੇ ਸਵੇਰੇ ਸ਼ਰੀਰ ਅਕੜਿਆ ਰਹਿੰਦਾ ਹੈ।
ਵਿਅਕਤੀ ਦੀ ਕਿਡਨੀ ਅੰਦਰੂਨੀ ਦੀਵਾਰਾਂ ਦੀ ਲਾਈਨਿੰਗ ਨੁਕਸਾਨੀ ਹੋਵੇ ਤਾਂ ਯੂਰਿਕ ਐਸਿਡ ਵਧਣ ਦੀ ਵਜ੍ਹਾ ਨਾਲ ਕਿਡਨੀ ਵਿੱਚ ਸਟੋਨ ਵੀ ਬਣਨ ਲਗਦਾ ਹੈ।
ਗਾਉਟ ਆਰਥਰਾਇਟਸ ਵਿੱਚ ਲਾਭ ਦੇਣ ਵਾਲੀਆਂ ਕੁਝ ਔਸ਼ਧੀਆਂ : ਉੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਕਾਬੂ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਨਿਯੰਤਰਣ ਲਈ ਯੂਰਿਕ ਐਸਿਡ ਵਧਣ ਦੀ ਵਜ੍ਹਾ ਨੂੰ ਲੱਭਣਾ ਜ਼ਰੂਰੀ ਹੈ। ਜੇਕਰ ਇਹ ਸਮੱਸਿਆ ਖ਼ਾਨਦਾਨੀ ਹੋਵੇ ਤਾਂ ਇਸ ਨੂੰ ਬੈਲੈਂਸ ਕੀਤਾ ਜਾ ਸਕਦਾ ਹੈ ਪਰ ਜੇ ਸ਼ਰੀਰ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਹੋਵੇ ਕਿਡਨੀ ਦਾ ਸਹੀ ਤਰੀਕੇ ਨਾਲ ਕੰਮ ਨਾ ਕਰਨਾ ਆਦਿ ਤਾਂ ਡਾਕਟਰੀ ਸਲਾਹ ਲੈ ਕੇ ਦਵਾਈਆਂ ਦਾ ਸੇਵਨ ਕਰਨਾ ਚਾਹੀਦਾ ਹੈ। ਯੂਰਿਕ ਐਸਿਡ ਨੂੰ ਨਿਯੰਤਰਣ ਕਰਨ ਲਈ ਕੁਝ ਨੁਸਖ਼ੇ ਇਸ ਪ੍ਰਕਾਰ ਹਨ:
ਕੈਸ਼ੋਰ ਗੁੱਗੁਲੁ ਇੱਕ ਆਯੁਰਵੈਦਿਕ ਦਵਾਈ ਹੈ ਜਿਸ ਨੂੰ ਭੈਸ਼ਜਿਅ ਰਤਨਾਵਲੀ ਦੇ ਵਾਤਰਕਤਾਧਿਕਾਰ ਤੋਂ ਲਿਆ ਗਿਆ ਹੈ। ਕੈਸ਼ੋਰ ਗੁੱਗੁਲੁ ਦੇ ਸੇਵਨ ਨਾਲ ਸ਼ਰੀਰ ਵਿੱਚ ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਮੁੱਖ ਰੂਪ ਨਾਲ ਅਜਿਹੇ ਜੋੜਾਂ ਦੇ ਦਰਦ ਜਿਨ੍ਹਾਂ ‘ਚ ਵਾਤ ਤੇ ਪਿੱਤ ਵਧਿਆ (ਦ੍ਹਿਦੋਸ਼ਜ) ਹੋਇਆ ਹੋਵੇ, ਜੋੜ ਸੋਜ਼ਿਸ਼ ਨਾਲ ਲਾਲ ਹੋ ਗਏ ਹੋਣ ਅਤੇ ਉਨ੍ਹਾਂ ‘ਚ ਗਰਮਾਹਟ ਹੋਵੇ, ਵਿੱਚ ਦਿੱਤੀ ਜਾਂਦੀ ਹੈ।
ਇਹ ਦਵਾਈ ਸ਼ਰੀਰ ਵਿੱਚ ਯੂਰਿਕ ਐਸਿਡ ਨੂੰ ਘੱਟ ਕਰਦੀ ਹੈ ਅਤੇ ਪਾਚਨ ਕਿਰਿਆ ਨੂੰ ਵੀ ਬਿਹਤਰ ਬਣਾਉਂਦੀ ਹੈ। ਇਹ ਖ਼ੂਨ ਨੂੰ ਸਾਫ਼ ਕਰਦੀ ਹੈ ਅਤੇ ਕਬਜ਼ ਨੂੰ ਦੂਰ ਕਰਦੀ ਹੈ। ਇਹ ਸ਼ਰੀਰ ਵਿੱਚ ਚਯਾਪਚਅ ਜਿਸ ਨੂੰ ‘ਮੈਟਾਬੋਲਿਜ਼ਮ’ ਕਿਹਾ ਜਾਂਦਾ ਹੈ, ਨੂੰ ਵੀ ਦਰੁੱਸਤ ਕਰਦੀ ਹੈ। ਇਸ ਵਿੱਚ ਐਂਟੀ ਆਕਸੀਡੈਂਟ, ਸੋਜ਼ਿਸ਼ ਦੂਰ ਕਰਨ ਦੇ ਐਂਟੀ ਏਜਿੰਗ ਗੁਣ ਹੈ।
ਮੁੱਖ ਘਟਕ : 1. ਗੁੱਗੁਲੁ ਇੱਕ ਦਰਖ਼ਤ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਅਨੇਕ ਆਯੁਰਵੈਦਿਕ ਦਵਾਈਆਂ ਦੇ ਨਿਰਮਾਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਵਾਤ, ਪਿੱਤ ਅਤੇ ਕਫ਼ ਦਾ ਸੰਤੁਲਨ ਕਰਦਾ ਹੈ। ਇਹ ਤਾਸੀਰ ਵਿੱਚ ਗਰਮ ਹੁੰਦਾ ਹੈ। ਗੁੱਗੁਲੁ ਸ਼ਰੀਰ ਦੀਆਂ ਸਾਰੀਆਂ ਪ੍ਰਣਾਲੀਆਂ ‘ਤੇ ਕੰਮ ਕਰਦਾ ਹੈ। ਇਹ ਐਂਟੀਸੈਪਟਿਕ, ਦਰਦ ਤੋਂ ਰਾਹਤ, ਅਕੜਣ ਤੋਂ ਸਕੂਨ ਅਤੇ ਕਫ਼ ਘਟਾਉਂਦਾ ਹੈ। ਇਹ ਵਿਸ਼ੇਸ਼ ਰੂਪ ਨਾਲ ਦਰਦ ਘਟਾਉਣ, ਸ਼ਰੀਰ ਤੋਂ ਸੋਜ਼ਿਸ਼ ਹਟਾਉਣ, ਸ਼ਰੀਰ ‘ਚੋਂ ਟਾਕਸਿਨ ਕੱਢਣ ਅਤੇ ਨਸਾਂ ਦੇ ਅਸਾਧਾਰਨ ਵਾਧੇ ਨੂੰ ਰੋਕਣ ਲਈ ਇਸਤੇਮਾਲ ਕੀਤਾ ਜਾਂਦਾ ਹੈ।
2. ਆਂਵਲਾ, ਲੀਵਰ ਅਤੇ ਇਮਿਊਨ ਸਿਸਟਮ ਦੇ ਸਹੀ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਵਧੇ ਹੋਏ ਪਿੱਤ ਨੂੰ ਸ਼ਾਂਤ ਕਰਦਾ ਹੈ। ਬਹੇੜਾ ਖ਼ਾਸ ਕਰਕੇ ਕਫ਼ ਦੇ ਲਈ ਬਹੁਤ ਉੱਤਮ ਹੈ ਅਤੇ ਸ਼ਵਸਨ ਪ੍ਰਣਾਲੀ ਸਣੇ ਦੂਜੇ ਅੰਗਾਂ ਵਿੱਚ ਜਮ੍ਹਾਂ ਕਫ਼ ਨੂੰ ਘੱਟ ਕਰਦਾ ਹੈ। ਹਰੀਤਕੀ, ਜ਼ਹਿਰੀਲੇ ਪਦਾਰਤਾਂ ਨੂੰ ਸ਼ਰੀਰ ਵਿੱਚ ਕੱਢਦੀ ਹੈ ਅਤੇ ਜ਼ਿਆਦਾ ਵਾਤ ਨੂੰ ਘੱਟ ਕਰਦੀ ਹੈ।
3. ਗਿਲੋਅ ਸ਼ਰੀਰ ਤੋਂ ਵਿਜਾਤੀਅ ਪਦਾਰਥਾਂ ਨੂੰ ਦੂਰ ਕਰਦੀ ਹੈ। ਇਸ ਵਿੱਚ ਜਿਗਰ (ਲੀਵਰ) ਵਿੱਚ ਸੁਧਾਰ, ਤ੍ਰਿਦੋਸ਼ ਹਟਾਉਣ, ਆਤਮ-ਰੱਖਿਆ ਵਿੱਚ ਸੁਧਾਰ ਕਰਨ ਦੀ ਕਾਬਿਲੀਅਤ ਹੈ। ਗਿਲੋਅ ਇੱਕ ਦਿਵਅ ਅੰਮ੍ਰਿਤ ਹੈ ਜਿਸ ਦੀ ਵਜ੍ਹਾ ਕਰਕੇ ਇਸ ਨੂੰ ‘ਅੰਮ੍ਰਿਤਾ’ ਵੀ ਆਖਿਆ ਜਾਂਦਾ ਹੈ। ਗਿਲੋਅ, ਆਮਲਾ, ਰਸਾਇਨ ਹਨ ਜੋ ਸ਼ਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ।
4. ਤ੍ਰਿਕਟੁ (ਸੋਂਠ+ਕਾਲੀ ਮਿਰਚ+ਪਿੱਪਲੀ) ਸ਼ਰੀਰ ਤੋਂ ਆਮਦੋਸ਼ ਨੂੰ ਦੂਰ ਕਰਦਾ ਹੈ। ਵਿਡੰਗ ਕ੍ਰਿਮੀਨਾਸ਼ਕ ਹੈ।
ਕੈਸ਼ੋਰ ਗੁੱਗੁਲੁ ਸੇਵਨ ਵਿਧੀ ਅਤੇ ਮਾਤਰਾ
1. 2-4 ਗੋਲੀਆਂ ਦਿਨ ਵਿੱਚ ਦੋ ਵਾਰ, ਸਵੇਰ ਤੇ ਸ਼ਾਮੀਂ ਲਵੋ।
2. ਇਸ ਨੂੰ ਮੰਜਿਸ਼ਠਾਦੀ ਕਾੜ੍ਹਾ / ਦੁੱਧ ਜਾਂ ਗਰਮ ਪਾਣੀ ਨਾਲ ਲਵੋ।
3. ਇਸ ਨੂੰ ਭੋਜਨ ਕਰਨ ਤੋਂ ਬਾਅਦ ਲਵੋ।
4. ਇਸ ਦਾ ਸੇਵਨ ਕਈ ਮਹੀਨਿਆਂ ਤਕ ਕੀਤਾ ਜਾ ਸਕਦਾ ਹੈ।
– ਜੇਕਰ ਸ਼ਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਲਗਾਤਾਰ ਵਧਦੀ ਹੈ ਤਾਂ ਭਰਪੂਰ ਫਾਈਬਰ ਵਾਲੇ ਫੂਡ ਕਰਨੇ ਚਾਹੀਦੇ ਹਨ।ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਮਾਤਰਾ ਵਿੱਚ ਪਾਣੀ ਦਾ ਇਸਤੇਮਾਲ ਕਰੋ। ਇਸ ਨਾਲ ਖ਼ੂਨ ਵਿੱਚ ਮੌਜੂਦ ਵਾਧੂ ਯੂਰਿਕ ਐਸਿਡ ਪਿਸ਼ਾਬ ਦੁਆਰਾ ਸ਼ਰੀਰ ‘ਚੋਂ ਬਾਹਰ ਨਿਕਲ ਆਉਂਦਾ ਹੈ।
– ਜੈਤੂਨ ਦੇ ਤੇਲ ਵਿੱਚ ਬਣਿਆ ਹੋਇਆ ਭੋਜਨ, ਸ਼ਰੀਰ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਖਾਣੇ ਦੇ ਪੌਸ਼ਕ ਤੱਤਾਂ ਤੋਂ ਭਰਿਆ ਹੁੰਦਾ ਹੈ ਅਤੇ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ। ਹੈਰਾਨੀ ਦੀ ਗੱਲ ਹੈ ਪਰ ਹੈ ਸੱਚ ਕਿ, ਖਾਣਾ ਬਣਾਉਣ ਲਈ ਬਟਰ ਜਾਂ ਵੈਜੀਟੇਬਲ ਆਇਲ ਦੀ ਬਜਾਏ ਕੋਲਡ ਪ੍ਰੈਸਡ ਜੈਤੂਨ ਦੇ ਤੇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੇਲ ਨੂੰ ਗਰਮ ਕਰਨ ‘ਤੇ ਇਸ ‘ਚੋਂ ਛੇਤੀ ਹੀ ਬਦਬੂ ਆਉਣ ਲਗਦੀ ਹੈ।ਜੈਤੂਨ ਦੇ ਤੇਲ ਦੇ ਪ੍ਰਯੋਗ ਨਾਲ ਸ਼ਰੀਰ ਵਿੱਚ ਵਾਧੂ ਯੂਰਿਕ ਐਸਿਡ ਨਹੀਂ ਬਣੇਗਾ।
– ਅਜਵਾਈਨ ਦੇ ਬੀਜ ਦਾ ਅਰਕ ਵੀ ਯੂਰਿਕ ਐਸਿਡ ਦੀ ਸਮੱਸਿਆ ਦਾ ਇੱਕ ਪ੍ਰਸਿੱਧ ਕੁਦਰਤੀ ਉਪਚਾਰ ਹੈ। ਅਜਵਾਈਨ ਵਿੱਚ ਦਰਦ ਨੂੰ ਘਟਾਉਣ, ਐਂਟੀ-ਆਕਸੀਡੈਂਟ ਅਤੇ ਡਾਇਯੂਰੇਟਿਕ ਗੁਣ ਪਾਇਆ ਜਾਂਦਾ ਹੈ। ਨਾਲ ਹੀ ਇਹਨੂੰ ਯੂਰੇਨਰੀ ਐਂਟੀਸੈਪਟਿਕ ਵੀ ਮੰਨਿਆ ਗਿਆ ਹੈ। ਕਈ ਦੁਰਲੱਭ ਮਾਮਲਿਆਂ ਵਿੱਚ ਨੀਂਦ ਨਾ ਆਉਣ ਦੀ ਸਮੱਸਿਆ, ਬੇਚੈਨੀ ਅਤੇ ਨਰਵਸ ਬ੍ਰੇਕਡਾਊਨ ਦਾ ਇਲਾਜ ਵੀ ਇਸ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਬੀਜ ਦਾ ਪ੍ਰਯੋਗ ਜਿਥੇ ਕਈ ਤਰ੍ਹਾਂ ਦੇ ਹਰਬਜ਼ ਸਪਲੀਮੈਂਟ ਵਿੱਚ ਕੀਤਾ ਜਾਂਦਾ ਹੈ, ਉਥੇ ਹੀ ਇਸ ਦੀ ਜੜ੍ਹ ਵੀ ਕਾਫ਼ੀ ਉਪਯੋਗੀ ਹੁੰਦੀ ਹੈ।
– ਪਾਣੀ ਦੀ ਪ੍ਰਚੂਰ ਮਾਤਰਾ ਨਾਲ ਸ਼ਰੀਰ ਦੇ ਕਈ ਵਿਕਾਰ ਆਸਾਨੀ ਨਾਲ ਦੂਰ ਹੋ ਜਾਂਦੇ ਹਨ। ਦਿਨ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਲੀਟਰ ਪਾਣੀ ਦਾ ਸੇਵਨ ਕਰੋ। ਪਾਣੀ ਦੀ ਲੋੜਵੰਦ ਮਾਤਰਾ ਨਾਲ ਸ਼ਰੀਰ ਦਾ ਯੂਰਿਕ ਐਸਿਡ ਪਿਸ਼ਾਬ ਦੇ ਰਸਤਿਓਂ ਬਾਹਰ ਨਿਕਲ ਜਾਏਗਾ। ਥੋੜ੍ਹੀ ਥੋੜ੍ਹੀ ਦੇਰ ਵਿੱਚ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
– ਚੈਰੀ ਵਿੱਚ ਐਂਟੀ ਇੰਫਲਾਮੈਂਟਰੀ ਪ੍ਰਾਪਰਟੀ ਹੁੰਦੀ ਹੈ ਜੋ ਯੂਰਿਕ ਐਸਿਡ ਦੀ ਮਾਤਰਾ ਨੂੰ ਸ਼ਰੀਰ ਵਿੱਚ ਕਾਬੂ ਕਰਦੀ ਹੈ। ਹਰ ਦਿਨ 10 ਤੋਂ 40 ਚੈਰੀ ਦਾ ਸੇਵਨ ਕਰਨ ਨਾਲ ਸ਼ਰੀਰ ਵਿੱਚ ਉੱਚ ਯੂਰਿਕ ਐਸਿਡ ਦੀ ਮਾਤਰਾ ਨਿਯੰਤਰਿਤ ਰਹਿੰਦੀ ਹੈ; ਪਰ ਇੱਕੋ ਸਾਰ ਚੈਰੀ ਨਹੀਂ ਖਾਣੀ ਚਾਹੀਦੀ, ਸਗੋਂ ਥੋੜ੍ਹੀ ਥੋੜ੍ਹੀ ਦੇਰ ਵਿੱਚ ਇਸ ਨੂੰ ਲਿਆ ਜਾਣਾ ਚਾਹੀਦਾ ਹੈ।
– ਸ਼ਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧਣ ‘ਤੇ ਇਸ ਨੂੰ ਘੱਟ ਕਰਨਾ ਆਸਾਨ ਨਹੀਂ ਹੁੰਦਾ। ਪਰ ਸ਼ਤਾਵਰ (Asparagus) ਦੀ ਜੜ੍ਹ ਦਾ ਚੂਰਨ 2-3 ਗ੍ਰਾਮ ਦੀ ਮਾਤਰਾ ਵਿੱਚ ਹਰ ਰੋਜ਼ ਪਾਣੀ ਨਾਲ ਲਿਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਯੂਰਿਕ ਐਸਿਡ ਘਟਨਾ ਸ਼ੁਰੂ ਹੋ ਜਾਂਦਾ ਹੈ ਅਤੇ ਸ਼ਰੀਰ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ। ਗਾਜਰ ਅਤੇ ਚੁਕੰਦਰ ਦਾ ਜੂਸ ਵੀ ਪੀਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਹੋਰ ਵੀ ਬਿਹਤਰ ਤੇ ਵਧੀਆ ਛੇਤੀ ਇਲਾਜ ਹੋਵੇਗਾ।
– ਐਂਟੀ ਆਕਸੀਡੈਂਟ ਨਾਲ ਭਰਪੂਰ ਭੋਜਨ ਲਾਲ ਸ਼ਿਮਲਾ ਮਿਰਚ, ਬਲਿਊਬੈਰੀ, ਬ੍ਰੋਕਲੀ ਅਤੇ ਅੰਗੂਰ ਐਂਟੀ ਆਕਸੀਡੈਂਟ ਵਿਟਾਮਿਨ ਦਾ ਵੱਡਾ ਸਰੋਤ ਹਨ। ਐਂਟੀ ਆਕਸੀਡੈਂਟ ਵਿਟਾਮਿਨ ਫਰੀ ਰੈਡੀਕਲਜ਼ ਅਣੂੰਆਂ ਨੂੰ ਸ਼ਰੀਰ ਦੇ ਅੰਗ ਅਤੇ ਮਸਲਜ਼ ਟਿਸ਼ਿਊਜ਼ ‘ਤੇ ਹਮਲਾ ਕਰਨ ਤੋਂ ਰੋਕਦਾ ਹੈ ਜਿਸ ਨਾਲ ਯੂਰਿਕ ਐਸਿਡ ਦਾ ਪੱਧਰ ਘੱਟ ਹੁੰਦਾ ਹੈ। ਰੈੱਡ ਮੀਟ (ਲਾਲ ਰੰਗ ਦੇ ਮਾਸ), ਸੀ-ਫੂਡ, ਰੈੱਡ ਵਾਈਨ, ਦਾਲ,ਰਾਜਮਾਹ, ਮਸ਼ਰੂਮ, ਗੋਭੀ, ਟਮਾਟਰ, ਪਾਲਕ, ਮਟਰ, ਪਨੀਰ, ਭਿੰਡੀ, ਅਰਬੀ, ਚੌਲ ਵਗ਼ੈਰਾ ਨਾ ਲਵੋ, ਇਨਾੰ ਦੇ ਸੇਵਨ ਨਾਲ ਵੀ ਯੂਰਿਕ ਐਸਿਡ ਵਧ ਜਾਂਦਾ ਹੈ। ਬੇਕਰੀ ਦੀ ਫੂਡ ਸਵਾਦ ਵਿੱਚ ਲਜ਼ੀਜ਼ ਹੁੰਦੇ ਹਨ ਪਰ ਇਨ੍ਹਾਂ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਸੇਵਨ ਨਾਲ ਸ਼ਰੀਰ ਵਿੱਚ ਯੂਰਿਕ ਐਸਿਡ ਵੀ ਵਧ ਜਾਂਦਾ ਹੈ। ਜੇਕਰ ਯੂਰਿਕ ਐਸਿਡ ਘੱਟ ਕਰਨਾ ਹੈ ਤਾਂ ਪੇਸਟਰੀ ਤੇ ਕੇਕ ਖਾਣਾ ਬੰਦ ਕਰਨਾ ਚਾਹੀਦਾ ਹੈ।