ਮੁੱਖ ਮੰਤਰੀ ਦੇ ਕਾਫਲੇ ’ਚ 42 ਗੱਡੀਆਂ ਸ਼ਾਮਲ-ਵਿਰੋਧੀਆਂ ਨੇ ਚੁੱਕੇ ਸਵਾਲ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਤੋਂ ਵੀਵੀਆਈਪੀ ਸ਼ਖ਼ਸੀਅਤ ਦੇ ਰੰਗ ਵਿਚ ਆਉਣ ਲੱਗੇ ਹਨ। ਉਹ ਇਸ ਕਰਕੇ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ 33 ਗੱਡੀਆਂ ਦੇ ਕਾਫਲੇ ’ਤੇ ਸਵਾਲ ਚੁੱਕਣ ਵਾਲੇ ਭਗਵੰਤ ਮਾਨ ਨੇ ਆਪਣੇ ਕਾਫਲੇ ਨੂੰ ਹੁਣ ਉਨ੍ਹਾਂ ਦੇ ਕਾਫਲੇ ਤੋਂ ਵੀ ਵੱਡਾ ਕਰ ਲਿਆ ਹੈ। ਹੁਣ ਭਗਵੰਤ ਮਾਨ ਦੇ ਕਾਫਲੇ ਵਿਚ ਗੱਡੀਆਂ ਦੀ ਸੰਖਿਆ 42 ਹੋ ਗਈ ਹੈ ਅਤੇ ਇਸ ’ਤੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਮੁੱਖ ਮੰਤਰੀ ਦੀ ਸਿਆਸੀ ਘੇਰਾਬੰਦੀ ਵੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ’ਤੇ ਆਰੋਪ ਲਗਾਏ ਹਨ ਅਤੇ ਫਿਰ ਬਾਜਵਾ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਹੋਰ ਸਿਆਸੀ ਆਗੂਆਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਕਹਿੰਦੇ ਸਨ ਕਿ ਜੋ ਲੋਕ ਜ਼ਿਆਦਾ ਸੁਰੱਖਿਆ ਚਾਹੁੰਦੇ ਹਨ, ਉਹ ਮੁਰਗੀ ਖਾਨਾ ਖੋਲ੍ਹਣ ਵਰਗਾ ਕੰਮ ਕਿਉਂ ਨਹੀਂ ਕਰਦੇ। ਹੁਣ ਉਸੇ ਆਮ ਆਦਮੀ ਨੂੰ 42 ਗੱਡੀਆਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਜਦੋਂ ਭਗਵੰਤ ਮਾਨ ਜਰਮਨੀ ਦੇ ਦੌਰਾ ਕਰਕੇ ਵਾਪਸ ਆਏ ਸਨ ਤਾਂ ਵਿਰੋਧੀ ਧਿਰਾਂ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ।