ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭਪਾਤਰੀਆਂ ਦੀ ਜਾਂਚ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਸਤੇ ਰਾਸ਼ਨ ਨੂੰ ਮਹਿੰਗੀ ਗੱਡੀ ਵਿੱਚ ਲੈ ਕੇ ਜਾਣ ਸਬੰਧੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਵੀ ਜਾਗ ਗਈ ਹੈ।
ਇਸ ਤੋਂ ਬਾਅਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਣ ਵਾਲੇ ਲਾਭਪਾਤਰੀਆਂ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਨਾਜਾਇਜ਼ ਰਾਸ਼ਨ ਲੈ ਰਹੇ ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੱਢਿਆ ਜਾਵੇ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਨਵੇਂ ਸਿਰੇ ਤੋਂ ਕਰਵਾਈ ਜਾਵੇਗੀ, ਜਿਸ ਤਹਿਤ ਵਿਭਾਗ ਦੇ ਆਰਸੀਐੱਮਐੱਸ ਪੋਰਟਲ ‘ਤੇ ਮੌਜੂਦ ਹਰ ਸ਼੍ਰੇਣੀ ਦੇ ਲਾਭਪਾਤਰੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ ਅਯੋਗ ਲਾਭਪਾਤਰੀਆਂ ਦੇ ਨਾਮ ਤੇ ਕਾਰਡ ਕੱਟੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਨਾਖਤ ਦਾ ਕੰਮ ਸੂਬੇ ਭਰ ਵਿੱਚ ਸਬੰਧਤ ਡਿਪਟੀ ਕਮਿਸ਼ਨਰਾਂ ਤੇ ਐੱਸਡੀਐਮਜ਼ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸ ਲਈ ਕਮੇਟੀਆਂ ਵੀ ਗਠਿਤ ਕੀਤੀਆਂ ਜਾਣਗੀਆਂ। ਪੇਂਡੂ ਹਲਕਿਆਂ ‘ਚ ਮਾਲ ਪਟਵਾਰੀ ਤੇ ਡੀਸੀ ਵੱਲੋਂ ਨਾਮਜ਼ਦ ਕੋਈ ਇਕ ਅਧਿਕਾਰੀ ਕਮੇਟੀ ਦਾ ਮੈਂਬਰ ਬਣ ਸਕਦਾ ਹੈ। ਸ਼ਹਿਰੀ ਹਲਕਿਆਂ ਲਈ ਸਬੰਧਤ ਕਾਰਜਸਾਧਕ ਅਫ਼ਸਰ, ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਤੇ ਸਬੰਧਤ ਜੀਓਜੀ ਮੈਂਬਰ ਕਮੇਟੀਆਂ ਦੇ ਮੈਂਬਰ ਹੋਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਅਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਦੇ ਨਾਮ ਕੱਟੇ ਜਾਣ ਦੇ ਕਾਰਨ ਸਪਸ਼ਟ ਕੀਤੇ ਜਾਣਗੇ।