ਐਸਐਸਪੀ ਨੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਲੀਅਰ ਨਹੀਂ ਕਰਵਾਇਆ ਸੀ ਰੂਟ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਲੰਘੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਅਣਗਹਿਲੀ ਲਈ ਫਿਰੋਜ਼ਪੁਰ ਦੇ ਐਸ ਐਸ ਪੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਫਿਰੋਜ਼ਪੁਰ ਦੇ ਐਸ ਐਸ ਪੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਆਪਣੀ ਡਿਊਟੀ ਨਿਭਾਉਣ ਵਿਚ ਫੇਲ੍ਹ ਸਾਬਤ ਹੋਏ ਹਨ। ਜਦਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਫਿਰੋਜ਼ਪੁਰ ਪਹੁੰਚਣ ਦੀ ਜਾਣਕਾਰੀ 2 ਘੰਟੇ ਪਹਿਲਾਂ ਦਿੱਤੀ ਗਈ ਸੀ ਪ੍ਰੰਤੂ ਉਹ ਫਿਰ ਵੀ ਉਹ ਰੂਟ ਨੂੰ ਕਲੀਅਰ ਨਹੀਂ ਕਰਵਾ ਸਕੇ ਸਨ ਅਤੇ ਨਾ ਹੀ ਉਨ੍ਹਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਕੇਂਦਰ ਦੇ ਅਫ਼ਸਰਾਂ ਨੂੰ ਸਹਿਯੋਗ ਦਿੱਤਾ ਸੀ। ਅੱਜ ਸੁਪਰੀਮ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਹਨ। ਇਸ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਸੇਵਾਮੁਕਤ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਵੱਲੋਂ ਕੀਤੀ ਗਈ ਸੀ। ਧਿਆਨ ਰਹੇ ਕਿ ਲੰਘੀ 5 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ’ਚ ਅਣਗਹਿਲੀ ਹੋਈ ਸੀ। ਉਸ ਸਮੇਂ ਪ੍ਰਧਾਨ ਮੰਤਰੀ ਦਾ ਕਾਫ਼ਲਾ 20 ਮਿੰਟ ਤੱਕ ਪਾਕਿਸਤਾਨ ਦੇ ਬਾਰਡਰ ਨੇੜੇ ਇਕ ਪੁਲ ’ਤੇ ਰੁਕਿਆ ਰਿਹਾ ਸੀ ਅਤੇ ਪ੍ਰਧਾਨ ਮੰਤਰੀ ਉਥੋਂ ਹੀ ਆਪਣਾ ਪੰਜਾਬ ਦੌਰਾ ਵਿਚਾਲੇ ਛੱਡ ਕੇ ਦਿੱਲੀ ਵਾਪਸ ਪਰਤ ਗਏ ਸਨ। ਉਸ ਸਮੇਂ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ।