ਸੋਨੇ ਦਾ ਤਮਗਾ ਜਿੱਤਣ ਵਾਲਾ ਬਣੇਗਾ ਕਲਾਸ ਵਨ ਅਫਸਰ
ਚੰਡੀਗੜ੍ਹ/ਬਿੳੂਰੋ ਨਿੳੂਜ਼
ਕਾਮਨਵੈਲਥ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਖਿਡਾਰੀਆਂ ਨੂੰ ਵਾਜਬ ਸਨਮਾਨ ਮਿਲੇ, ਇਸੋ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਇਕ ਨਵੀਂ ਪਾਲਿਸੀ ਤਿਆਰ ਕਰ ਰਹੀ ਹੈ। ਇਸਦੇ ਤਹਿਤ ਖਿਡਾਰੀਆਂ ਨੂੰ ਉਨ੍ਹਾਂ ਦੀ ਪਰਫਾਰਮੈਂਸ ਦੇ ਅਧਾਰ ’ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੇ ਕਲਾਸ ਵਨ ਅਫਸਰ ਬਣ ਸਕਣਗੇ। ਇਸੇ ਤਰ੍ਹਾਂ ਨੈਸ਼ਨਲ ਖੇਡਾਂ ਵਿਚ ਰਿਕਾਰਡ ਬਣਾਉਣ ਵਾਲਿਆਂ ਨੂੰ ਕਲਾਸ ਦੋ ਅਤੇ ਕਲਾਸ ਤਿੰਨ ਦੀ ਸਰਕਾਰੀ ਨੌਕਰੀ ਮਿਲੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਰੇ ਰੈਂਕਾਂ ਵਿਚ ਪ੍ਰਮੋਸ਼ਨ ਲਈ ਵਿਦਿਅਕ ਯੋਗਤਾ ਦੀ ਸ਼ਰਤ ਜ਼ਰੂਰੀ ਹੋਵੇਗੀ ਅਤੇ ਕਲਾਸ ਵਨ ਅਫਸਰ ਬਣਨ ਲਈ ਗਰੈਜੂਏਟ ਹੋਣਾ ਲਾਜ਼ਮੀ ਹੋਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੇਕਰ ਤੈਅ ਸਮੇਂ ਵਿਚ ਖਿਡਾਰੀ ਗਰੈਜੂਏਸ਼ਨ ਨਹੀਂ ਕਰਦਾ ਤਾਂ ਉਸ ਨੂੰ ਕਲਾਸ ਟੂ ਦੇ ਰੈਂਕ ’ਤੇ ਡਿਮੋਟ ਕਰ ਦਿੱਤਾ ਜਾਵੇਗਾ। ਖਿਡਾਰੀਆਂ ਨੂੰ ਨੌਕਰੀ ਦੇ ਫੈਸਲੇ ’ਤੇ ਕੈਬਨਿਟ ਦੀ ਮੀਟਿੰਗ ਵਿਚ ਜਲਦ ਹੀ ਮੋਹਰ ਲੱਗਣ ਦੀ ਸੰਭਾਵਨਾ ਹੈ। ਪਰ ਅਜੇ ਤੱਕ ਕਿਸੇ ਵੀ ਮੰਤਰੀ ਜਾਂ ਸਰਕਾਰੀ ਅਧਿਕਾਰੀ ਦਾ ਇਸ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।