ਜੰਗਲਾਤ ਘੁਟਾਲੇ ’ਚ ਗਿ੍ਰਫਤਾਰੀ ’ਤੇ ਰੋਕ ਦੋ ਹਫਤਿਆਂ ਤੱਕ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜੰਗਲਾਤ ਘੁਟਾਲਾ ਮਾਮਲੇ ਵਿਚ ਫਸੇ ਗਿਲਜੀਆਂ ਦੀ ਗਿ੍ਰਫਤਾਰੀ ’ਤੇ ਰੋਕ ਹੁਣ ਦੋ ਹਫਤਿਆਂ ਤੱਕ ਵਧਾ ਦਿੱਤੀ ਗਈ ਹੈ। ਅੱਜ ਸੋਮਵਾਰ ਨੂੰ ਕੇਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਕੋਲੋਂ ਕੇਸ ਦੀ ਸਟੇਟਸ ਰਿਪੋਰਟ ਮੰਗਦੇ ਹੋਏ ਗਿ੍ਰਫਤਾਰੀ ’ਤੇ 25 ਜੁਲਾਈ ਤੱਕ ਰੋਕ ਲਗਾ ਦਿੱਤੀ ਸੀ। ਹਾਈਕੋਰਟ ਨੇ ਉਸੇ ਦਿਨ ਹੀ ਸਾਬਕਾ ਮੰਤਰੀ ਨੂੰ ਅੰਤਰਿਮ ਰਾਹਤ ਵੀ ਦੇ ਦਿੱਤੀ ਸੀ। ਅੱਜ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ, ਜਿਸ ਤੋਂ ਬਾਅਦ ਹਾਈਕੋਰਟ ਨੇ ਦੋ ਹਫਤਿਆਂ ਵਿਚ ਜਵਾਬ ਦੇਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਹੋਏ ਜੰਗਲਾਤ ਘੁਟਾਲੇ ਸਬੰਧੀ ਮੋਹਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਇਸੇ ਕੇਸ ਵਿਚ ਸੰਗਤ ਸਿੰਘ ਗਿਲਜੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਹੀ ਜੰਗਲਾਤ ਘੁਟਾਲਾ ਮਾਮਲੇ ਵਿਚ ਨਾਮ ਹੋਣ ਦੀ ਭਿਣਕ ਲੱਗੀ ਤਾਂ ਗਿਲਜ਼ੀਆਂ ਅੰਡਰ ਗਰਾਊਂਡ ਹੋ ਗਏ ਅਤੇ ਜਿਸ ਤੋਂ ਬਾਅਦ ਉਨ੍ਹਾਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ। ਇਸੇ ਮਾਮਲੇ ਵਿਚ ਵਿਜੀਲੈਂਸ ਨੇ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਨੂੰ ਵੀ ਚੰਡੀਗੜ੍ਹ ਤੋਂ ਗਿ੍ਰਫਤਾਰ ਕਰ ਲਿਆ ਸੀ ਅਤੇ ਉਹ ਫਿਲਹਾਲ ਵਿਜੀਲੈਂਸ ਦੇ ਰਿਮਾਂਡ ’ਤੇ ਹੈ।
Check Also
ਗਣਤੰਤਰ ਦਿਵਸ ਮੌਕੇ ਦੋ ਸਾਲ ਬਾਅਦ ਦਿਖੇਗੀ ਪੰਜਾਬ ਦੀ ਝਾਕੀ
ਪੰਜਾਬ ਸਰਕਾਰ ਨੇ ਝਾਕੀ ਤਿਆਰ ਕਰਨ ਲਈ ਤਿਆਰੀਆਂ ਵਿੱਢੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੀ ਰਾਜਧਾਨੀ ਦਿੱਲੀ …