ਤਾਂਬੇ ਦੇ ਬਣੇ ਇਸ ਕੌਮੀ ਚਿੰਨ੍ਹ ਦਾ ਕੁੱਲ ਵਜ਼ਨ 9500 ਕਿਲੋ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦੀ ਇਮਾਰਤ ਦੀ ਛੱਤ ‘ਤੇ ਸਥਾਪਿਤ ਕੀਤੇ ਕੌਮੀ ਚਿੰਨ੍ਹ ਦੀ ਸੋਮਵਾਰ ਨੂੰ ਘੁੰਡ ਚੁਕਾਈ ਕੀਤੀ। ਤਾਂਬੇ ਦੇ ਬਣੇ ਇਸ ਕੌਮੀ ਚਿੰਨ੍ਹ ਦਾ ਕੁੱਲ ਵਜ਼ਨ 9500 ਕਿਲੋ ਹੈ ਤੇ ਇਸ ਦੀ ਉਚਾਈ 6.5 ਮੀਟਰ ਹੈ। ਸਾਲ ਦੇ ਅੰਤ ਤੱਕ ਇਸ ਨਵੀਂ ਇਮਾਰਤ ਦੇ ਤਜਵੀਜ਼ਤ ਉਦਘਾਟਨ ਤੋਂ ਪਹਿਲਾਂ ਕੌਮੀ ਚਿੰਨ ਦੀ ਘੁੰਡ ਚੁਕਾਈ ਪਹਿਲਾ ਵੱਡਾ ਮੀਲ ਪੱਥਰ ਹੈ।
ਸਰਕਾਰ ਦਾ ਦਾਅਵਾ ਹੈ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਨਵੀਂ ਇਮਾਰਤ ਵਿੱਚ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਚਿੰਨ੍ਹ ਨੂੰ ਨਵੀਂ ਸੰਸਦੀ ਇਮਾਰਤ ਦੇ ਕੇਂਦਰੀ ਹਾਲ ਦੇ ਐੱਨ ਉਪਰ ਸਥਾਪਿਤ ਕੀਤਾ ਗਿਆ ਹੈ। ਕੌਮੀ ਚਿੰਨ੍ਹ ਦੇ ਆਲੇ ਦੁਆਲੇ 6500 ਕਿਲੋ ਦੇ ਕਰੀਬ ਸਟੀਲ ਦਾ ਢਾਂਚਾ ਉਸਾਰਿਆ ਗਿਆ ਹੈ, ਜੋ ਇਸ ਨੂੰ ਸਹਾਰਾ ਦੇਵੇਗਾ। ਨਵੀਂ ਸੰਸਦੀ ਇਮਾਰਤ ਦੀ ਛੱਤ ‘ਤੇ ਕੌਮੀ ਚਿੰਨ੍ਹ ਦੀ ਕਾਸਟਿੰਗ ਦਾ ਅਮਲ ਤੇ ਸਕੈੱਚ ਅੱਠ ਵੱਖੋ-ਵੱਖਰੇ ਪੜਾਵਾਂ ਦੀ ਤਿਆਰੀ ‘ਚੋਂ ਨਿਕਲਿਆ ਹੈ, ਜਿਸ ਵਿੱਚ ਕਲੇਅ ਮਾਡਲਿੰਗ ਤੇ ਕੰਪਿਊਟਰ ਗ੍ਰਾਫਿਕਸ ਤੋਂ ਤਾਂਬੇ ਦੀ ਕਾਸਟਿੰਗ ਤੇ ਪੌਲਿਸ਼ਿੰਗ ਸ਼ਾਮਲ ਹੈ। ਘੁੰਡ ਚੁਕਾਈ ਮੌਕੇ ਮੋਦੀ ਨਾਲ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਸੰਵਿਧਾਨ ਦੀ ਉਲੰਘਣਾ ਕੀਤੀ : ਵਿਰੋਧੀ ਪਾਰਟੀਆਂ
ਨਵੀਂ ਦਿੱਲੀ : ਸੀਪੀਐੱਮ ਤੇ ਏਆਈਐੱਮਆਈਐੱਮ ਜਿਹੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮੀ ਚਿੰਨ੍ਹ ਦੇ ਕੀਤੇ ਉਦਘਾਟਨ ਨੂੰ ‘ਸੰਵਿਧਾਨ’ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਾਲੇ ਤਾਕਤਾਂ ਨੂੰ ਨਿਖੇੜਦਾ ਹੈ। ਘੁੰਡ ਚੁਕਾਈ ਸਮਾਗਮ ਵਿੱਚ ਮੋਦੀ ਦੀ ਮੌਜੂਦਗੀ ਦੀ ਨੁਕਤਾਚੀਨੀ ਕਰਦਿਆਂ ਏਆਈਐੱਮਆਈਐੱਮ ਮੁਖੀ ਅਸਰੂਦੀਨ ਓਵਾਇਸੀ ਨੇ ਕਿਹਾ, ”ਸੰਵਿਧਾਨ ਸੰਸਦ, ਸਰਕਾਰ ਤੇ ਨਿਆਂਪਾਲਿਕਾ ਦੀਆਂ ਤਾਕਤਾਂ ਨੂੰ ਨਿਖੇੜਦਾ ਹੈ। ਸਰਕਾਰ ਦਾ ਮੁਖੀ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਨਵੀਂ ਸੰਸਦੀ ਇਮਾਰਤ ਦੀ ਛੱਤ ‘ਤੇ ਕੌਮੀ ਚਿੰਨ੍ਹ ਦੀ ਘੁੰਡ ਚੁਕਾਈ ਨਹੀਂ ਕਰਨੀ ਚਾਹੀਦੀ ਸੀ। ਓਵਾਇਸੀ ਨੇ ਕਿਹਾ ਕਿ ਲੋਕ ਸਭਾ ਦਾ ਸਪੀਕਰ, ਲੋਕ ਸਭਾ ਦੀ ਨੁਮਾਇੰਦਗੀ ਕਰਦਾ ਹੈ, ਜੋ ਸਰਕਾਰ ਦੇ ਅਧੀਨ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸਾਰੇ ਸੰਵਿਧਾਨਕ ਨੇਮਾਂ ਦੀ ਅਵੱਗਿਆ ਕੀਤੀ ਹੈ।
ਸੀਪੀਐੱਮ ਦੀ ਪੋਲਿਟ ਬਿਊਰੋ ਨੇ ਵੀ ਇਕ ਬਿਆਨ ਵਿੱਚ ਪ੍ਰਧਾਨ ਮੰਤਰੀ ਦੀ ਕਾਰਵਾਈ ਨੂੰ ‘ਭਾਰਤੀ ਸੰਵਿਧਾਨ ਦੀ ਸਪਸ਼ਟ ਉਲੰਘਣਾ ਕਰਾਰ ਦਿੱਤਾ ਹੈ।’ ਪਾਰਟੀ ਨੇ ਘੁੰਡ ਚੁਕਾਈ ਮੌਕੇ ਕੀਤੇ ਧਾਰਮਿਕ ਸਮਾਗਮ ‘ਤੇ ਵੀ ਉਜ਼ਰ ਜਤਾਇਆ। ਉਧਰ ਭਾਜਪਾ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਓਵਾਇਸੀ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿਮਾਗ ਹਮੇਸ਼ਾ ਨਕਾਰਾਤਮਕ ਗੱਲਾਂ ਵਾਲੇ ਪਾਸੇ ਚਲਦਾ ਹੈ ਤੇ ਮਹਿਜ਼ ਆਪਣੀ ਪਾਰਟੀ ਚਲਾਉਣ ਲਈ ਉਹ ਲਗਾਤਾਰ ਦੇਸ਼ ਦੀ ਸਿਆਸੀ, ਮੌਲਿਕ, ਸਮਾਜਿਕ, ਸਭਿਆਚਾਰਕ ਤੇ ਸੰਵਿਧਾਨਕ ਕਦਰਾ ਕੀਮਤਾਂ ਨੂੰ ਸੱਟ ਮਾਰਦੇ ਆਏ ਹਨ।
’84 ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ‘ਚ ਕਾਨਪੁਰ ‘ਚੋਂ 4 ਹੋਰ ਵਿਅਕਤੀ ਗ੍ਰਿਫਤਾਰ
ਕਾਨਪੁਰ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕਾਨਪੁਰ ‘ਚੋਂ ਚਾਰ ਹੋਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ‘ਚੋਂ ਇਕ ਤਿੰਨ ਵਾਰ ਕਾਂਗਰਸ ਦਾ ਕੌਂਸਲਰ ਰਹਿ ਚੁੱਕਾ ਹੈ ਅਤੇ ਉਸਦੀ ਉਮਰ 70 ਸਾਲ ਦੇ ਕਰੀਬ ਹੈ। ਕਾਨਪੁਰ ‘ਚ 1984 ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੌਰਾਨ 127 ਵਿਅਕਤੀ ਮਾਰੇ ਗਏ ਸਨ। ਐਸ. ਆਈ. ਈ. ਹੁਣ ਤੱਕ 19 ਆਰੋਪੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੰਜ ਮਾਮਲਿਆਂ ‘ਚ ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਦੋ ਦਿਨਾਂ ‘ਚ ਨਵੀਂਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ‘ਚੋਂ ਇਕ ਮਾਮਲਾ ਨੌਬਸਤਾ ਥਾਣੇ ‘ਚ ਅਤੇ ਬਾਕੀ ਚਾਰ ਮਾਮਲੇ ਹੋਰ ਥਾਣੇ ‘ਚ ਦਰਜ ਕੀਤੇ ਗਏ। ਗ੍ਰਿਫਤਾਰ ਕੀਤੇ ਚਾਰ ਆਰੋਪੀਆਂ ਦੀ ਪਹਿਚਾਣ ਰਾਜਨ ਲਾਲ ਪਾਂਡੇ (85), ਦੀਪਕ (70), ਧੀਰੇਂਦਰ ਕੁਮਾਰ ਤਿਵਾੜੀ (70) ਅਤੇ ਕੈਲਾਸ਼ ਪਾਲ (70) ਵਜੋਂ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਦੇ ਡੀਆਈਜੀ ਬਾਲੇਂਦੁ ਭੂਸ਼ਨ ਸਿੰਘ ਨੇ ਦੱਸਿਆ ਕਿ ਆਰੋਪੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 11 ਹੋਰਨਾਂ ਦੀ ਪੁਲਿਸ ਨੇ ਪਹਿਚਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਜਾਰੀ ਹੈ ਕਿਉਂਕਿ ਉਹ ਅਜੇ ਫਰਾਰ ਹਨ।