Home / ਪੰਜਾਬ / ਬੇਅਦਬੀ ਮਾਮਲਿਆਂ ‘ਚ ਸਬੂਤ ਹੋਣ ਦੇ ਬਾਵਜੂਦ ਬਾਦਲਾਂ ਨੂੰ ਬਚਾਇਆ ਗਿਆ: ਕੁੰਵਰ ਵਿਜੈ ਪ੍ਰਤਾਪ ਦਾ ਆਰੋਪ

ਬੇਅਦਬੀ ਮਾਮਲਿਆਂ ‘ਚ ਸਬੂਤ ਹੋਣ ਦੇ ਬਾਵਜੂਦ ਬਾਦਲਾਂ ਨੂੰ ਬਚਾਇਆ ਗਿਆ: ਕੁੰਵਰ ਵਿਜੈ ਪ੍ਰਤਾਪ ਦਾ ਆਰੋਪ

ਕਿਹਾ : ਸਰਕਾਰਾਂ ਨੇ ਸ਼ਰ੍ਹੇਆਮ ਬਾਦਲਾਂ ਨੂੰ ਫਾਇਦਾ ਦਿੱਤਾ
ਸੰਗਰੂਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਿੰਡ ਚੀਮਾ ਪਹੁੰਚੇ ‘ਆਪ’ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਨੂੰ ਸੱਤ ਸਾਲ ਹੋ ਚੁੱਕੇ ਹਨ। ਉਦੋਂ ਉਨ੍ਹਾਂ (ਕੁੰਵਰਵਿਜੈ ਪ੍ਰਤਾਪ) ਸਮੇਤ ਬਣਾਈ ਪੰਜ ਮੈਂਬਰੀ ‘ਸਿਟ’ ਕਾਇਮ ਕੀਤੀ ਗਈ ਸੀ, ਜਿਸ ‘ਚੋਂ ਚਾਰ ਮੈਂਬਰ ਬਾਦਲ ਪਰਿਵਾਰ ਦੇ ਹੱਕ ਵਿੱਚ ਬੈਠ ਗਏ।
ਉਨ੍ਹਾਂ ਕਿਹਾ ਕਿ ਕਮੇਟੀ ਦੀ ਜਾਂਚ ਵਿੱਚ ਬਾਦਲ ਪਰਿਵਾਰ ਕਥਿਤ ਕਸੂਰਵਾਰ ਪਾਇਆ ਗਿਆ।
ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਸਬੂਤ ਵੀ ਮਿਲੇ ਹਨ ਪਰ ਸਰਕਾਰਾਂ ਨੇ ਸ਼ਰੇਆਮ ਬਾਦਲ ਪਰਿਵਾਰ ਨੂੰ ਫਾਇਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਅਦਾਲਤੀ ਕਾਰਵਾਈ ਤੋਂ ਭਾਵੇਂ ਬਚ ਗਏ ਪਰ ਲੋਕ ਕਚਹਿਰੀ ਨੇ ਉਨ੍ਹਾਂ ਨੂੰ ਰਾਜਨੀਤੀ ‘ਚੋਂ ਖ਼ਤਮ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਦਾ ਪ੍ਰਤੱਖ ਸਬੂਤ ਹਨ।
ਅਗਨੀਪਥ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀ ਯੋਜਨਾ ਲਿਆਉਣ ਤੋਂ ਪਹਿਲਾਂ ਘੱਟੋ-ਘੱਟ ਕਿਸੇ ਇੱਕ ਰਾਜ ਵਿੱਚ ਇਸ ਦਾ ਟ੍ਰਾਇਲ ਕਰਨਾ ਚਾਹੀਦਾ ਸੀ। ਕੇਂਦਰ ਨੂੰ ਇਸ ਯੋਜਨਾ ‘ਤੇ ਮੁੜ ਗੌਰ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ‘ਆਪ’ ਵਿਧਾਇਕ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਬੇਅਦਬੀ ਮਾਮਲੇ ਦੀ ਸਿਟ ਦੇ ਮੁਖੀ ਨੂੰ ‘ਆਪ’ ਸਰਕਾਰ ਵੱਲੋਂ ਪੰਜਾਬ ਇੰਟੈਲੀਜੈਂਸ ਵਿੰਗ ਦਾ ਮੁਖੀ ਅਤੇ ਇੱਕ ਮੈਂਬਰ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਗਾਏ ਜਾਣ ‘ਤੇ ਵੀ ਵਿਰੋਧ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਵੀ ਵਿਰੋਧ ਜਤਾਇਆ ਸੀ।

Check Also

ਪੰਜਾਬ ਵਿਧਾਨ ਸਭਾ ’ਚ ਗੂੰਜਿਆ ਅਗਨੀਪੱਥ ਯੋਜਨਾ ਦਾ ਮੁੱਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪੱਥ ਯੋਜਨਾ ਖਿਲਾਫ ਮਤਾ ਲਿਆਉਣ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ …