ਚੰਡੀਗੜ੍ਹ : ਸੀਬੀਆਈ ਨੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਹੱਤਿਆ ਦੇ ਮਾਮਲੇ ਵਿੱਚ ਸੱਤ ਸਾਲਾਂ ਬਾਅਦ ਹਿਮਾਚਲ ਪ੍ਰਦੇਸ਼ ਹਾਈਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਸਬੀਨਾ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਨੇ ਮੁਲਜ਼ਮ ਨੂੰ ਚੰਡੀਗੜ੍ਹ ਦੇ ਸੈਕਟਰ 43 ਵਿੱਚ ਸਥਿਤ ਸੀਬੀਆਈ ਦੀ ਵਿਸ਼ੇਸ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਕਲਿਆਣੀ ਨੂੰ ਚਾਰ ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਹੈ।
ਮੁਲਜ਼ਮ ਖੁਦ ਵੀ ਸੈਕਟਰ 42 ਸਥਿਤ ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਵਿੱਚ ਪ੍ਰੋਫੈਸਰ ਦੇ ਅਹੁਦੇ ‘ਤੇ ਤਾਇਨਾਤ ਹੈ। ਇਹ ਕਾਰਵਾਈ ਸੀਬੀਆਈ ਦੇ ਐੱਸ.ਪੀ.ਨਵਦੀਪ ਬਰਾੜ ਦੀ ਅਗਵਾਈ ਹੇਠ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 20 ਸਤੰਬਰ 2015 ਨੂੰ ਇੱਥੋਂ ਦੇ ਸੈਕਟਰ 27 ਦੇ ਇਕ ਪਾਰਕ ਨੇੜੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ। ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ।
ਇਸ ਵਾਰਦਾਤ ‘ਚ 12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚੋਂ ਚਾਰ ਗੋਲੀਆਂ ਚਲਾਈਆਂ ਗਈਆਂ ਸਨ। ਥਾਣਾ ਸੈਕਟਰ 26 ਦੀ ਪੁਲਿਸ ਨੇ ਉਕਤ ਮਾਮਲੇ ਸਬੰਧੀ 21 ਸਤੰਬਰ 2015 ਨੂੰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ, ਜਿਸ ਮਗਰੋਂ ਸੀਬੀਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸਿੱਪੀ ਸਿੱਧੂ ਦੇ ਪਰਿਵਾਰ ਵੱਲੋਂ ਵੀ ਕਲਿਆਣੀ ‘ਤੇ ਕਤਲ ਦੇ ਆਰੋਪ ਲਗਾਏ ਗਏ ਸਨ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਦਸੰਬਰ 2020 ਵਿੱਚ ਉਕਤ ਮਾਮਲੇ ਸਬੰਧੀ ਅਨਟਰੇਸ ਰਿਪੋਰਟ ਅਦਾਲਤ ਵਿੱਚ ਦਾਖ਼ਲ ਕੀਤੀ ਸੀ, ਪਰ ਸੀਬੀਆਈ ਅਦਾਲਤ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸਿੱਪੀ ਸਿੱਧੂ ਕਤਲ ਮਾਮਲੇ ਦੀ ਮੁੜ ਜਾਂਚ ਸ਼ੁਰੂ ਕੀਤੀ। ਸੀਬੀਆਈ ਨੇ ਉਕਤ ਮਾਮਲੇ ਸਬੰਧੀ ਜਾਂਚ ਕਰਦਿਆਂ ਬੀਤੇ ਦਿਨ ਸੱਤ ਸਾਲ ਬਾਅਦ ਹਿਮਾਚਲ ਪ੍ਰਦੇਸ਼ ਹਾਈਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਨੇ ਮੁਲਜ਼ਮ ਕਲਿਆਣੀ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਕੌਮੀ ਪੱਧਰ ਦਾ ਨਿਸ਼ਾਨੇਬਾਜ਼ ਸੀ ਸਿੱਪੀ ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼ : ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਕੌਮੀ ਪੱਧਰ ਦਾ ਨਿਸ਼ਾਨੇਬਾਜ਼ ਸੀ। ਉਸ ਨੇ ਸਾਲ 2001 ਵਿੱਚ ਕੌਮੀ ਖੇਡਾਂ ਵਿੱਚ ਅਭਿਨਵ ਬਿੰਦਰਾ ਦੇ ਨਾਲ ਸੋਨ ਤਗਮਾ ਜਿੱਤਿਆ ਸੀ। ਉਸ ਤੋਂ ਇਲਾਵਾ ਵੀ ਸਿੱਪੀ ਸਿੱਧੂ ਨੇ ਕਈ ਮੁਕਾਬਲਿਆਂ ਵਿੱਚ ਵੱਖ-ਵੱਖ ਤਗਮੇ ਜਿੱਤੇ ਹੋਏ ਸਨ। ਉਹ ਭਾਰਤ ਦੀ ਪੈਰਾਲੰਪਿਕ ਕਮੇਟੀ ਦਾ ਸੰਯੁਕਤ ਸਕੱਤਰ ਵੀ ਸੀ।