Breaking News
Home / ਪੰਜਾਬ / ਪੰਜਾਬ ਦੀ ਜਵਾਨੀ ਨੂੰ ਚੜ੍ਹਿਆ ‘ਜੀਓ’ ਦਾ ਰੰਗ

ਪੰਜਾਬ ਦੀ ਜਵਾਨੀ ਨੂੰ ਚੜ੍ਹਿਆ ‘ਜੀਓ’ ਦਾ ਰੰਗ

ਮੁਫਤ ਦਾ ਚੋਗਾ ਚੁਗਣ ਵਾਲਿਆਂ ਦੇ ਹੁਣ ਖੀਸੇ ਹੋਣ ਲੱਗੇ ਖਾਲੀ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀ ਜਵਾਨੀ ਨੂੰ ‘ਜੀਓ’ ਦਾ ਇੰਨਾ ਰੰਗ ਚੜ੍ਹਿਆ ਕਿ ਮੁਕੇਸ਼ ਅੰਬਾਨੀ ਨੂੰ ਮਾਲਾਮਾਲ ਕਰ ਦਿੱਤਾ। ਮੁਫ਼ਤ ਦਾ ਚੋਗਾ ਚੁਗਣ ਵਾਲਿਆਂ ਦੇ ਹੁਣ ਖੀਸੇ ਖਾਲੀ ਹੋਣ ਲੱਗੇ ਹਨ। ਪੰਜਾਬ ਵਿੱਚ ਡੇਢ ਸਾਲ ਦੌਰਾਨ 4-ਜੀ ਸੇਵਾ ਦੇ ਗਾਹਕਾਂ ਦੀ ਗਿਣਤੀ ਵਿੱਚ 96.93 ਲੱਖ ਦਾ ਵਾਧਾ ਹੋ ਗਿਆ ਹੈ। ਪੰਜਾਬ ਵਿੱਚ 4-ਜੀ ਸੇਵਾ ਦੇ ਇਸ ਵੇਲੇ 1.55 ਕਰੋੜ ਗਾਹਕ ਹਨ ਜਿਨ੍ਹਾਂ ਵੱਲੋਂ ਇੱਕ ਅੰਦਾਜ਼ੇ ਅਨੁਸਾਰ ਔਸਤਨ ਪ੍ਰਤੀ ਮਹੀਨਾ 200 ਰੁਪਏ (ਪ੍ਰਤੀ ਗ੍ਰਾਹਕ) ਖਰਚੇ ਜਾ ਰਹੇ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬੀ ਸਾਲਾਨਾ 3720 ਕਰੋੜ ਰੁਪਏ ਦਾ ਖਰਚਾ ਸਿਰਫ਼ 4-ਜੀ ਸੇਵਾ ਲਈ ਕਰਦੇ ਹਨ। ਮਤਲਬ ਕਿ ਪੰਜਾਬੀ ਰੋਜ਼ਾਨਾ ਔਸਤਨ 10.19 ਕਰੋੜ ਰੁਪਏ 4-ਜੀ ਸੇਵਾ ‘ਤੇ ਖਰਚ ਰਹੇ ਹਨ।
ਕੇਂਦਰੀ ਸੰਚਾਰ ਮੰਤਰਾਲੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ 31 ਮਾਰਚ 2017 ਨੂੰ 4-ਜੀ ਸੇਵਾ ਲੈਣ ਵਾਲੇ ਗਾਹਕਾਂ ਦੀ ਗਿਣਤੀ 58.24 ਲੱਖ ਸੀ ਜੋ ਇੱਕ ਵਰ੍ਹੇ ਮਗਰੋਂ ਵੱਧ ਕੇ 1.21 ਕਰੋੜ ਹੋ ਗਈ ਹੈ। ਇਹੋ ਗਾਹਕਾਂ ਦਾ ਅੰਕੜਾ ਹੁਣ ਡੇਢ ਵਰ੍ਹੇ ਮਗਰੋਂ 1.55 ਕਰੋੜ ਹੈ। ਮਾਹਿਰ ਦੱਸਦੇ ਹਨ ਕਿ 4-ਜੀ ਸੇਵਾ ਵਿਚ 90 ਫ਼ੀਸਦੀ ਹਿੱਸੇਦਾਰੀ ਰਿਲਾਇੰਸ ਜੀਓ ਦੀ ਹੈ ਅਤੇ ਇਸ ਹਿਸਾਬ ਨਾਲ ਰਿਲਾਇੰਸ ਜੀਓ ਹੁਣ ਤੱਕ ਪੰਜਾਬ ਵਿੱਚ 1.30 ਕਰੋੜ ਕੁਨੈਕਸ਼ਨ ਵੇਚ ਚੁੱਕਾ ਹੈ ਅਤੇ ਸਾਲਾਨਾ 3120 ਕਰੋੜ ਰੁਪਏ ਦੀ ਕਮਾਈ ਇਕੱਲੇ ਪੰਜਾਬ ਵਿਚੋਂ ਕਰ ਰਿਹਾ ਹੈ। ਰਿਲਾਇੰਸ ਜੀਓ ਰੋਜ਼ਾਨਾ ਪੰਜਾਬ ਵਿਚੋਂ 8.54 ਕਰੋੜ ਰੁਪਏ ਕਮਾ ਰਿਹਾ ਹੈ। ਇਹ ਅੰਕੜਾ ਪ੍ਰਤੀ ਕੁਨੈਕਸ਼ਨ ਤੇ ਪ੍ਰਤੀ ਮਹੀਨਾ 200 ਰੁਪਏ ਦੇ ਖ਼ਰਚੇ ਦੇ ਹਿਸਾਬ ਨਾਲ ਕੱਢਿਆ ਗਿਆ ਹੈ। ਪੰਜਾਬ ਦੀ ਅੰਦਾਜ਼ਨ ਅਬਾਦੀ 2.99 ਕਰੋੜ ਹੈ ਅਤੇ ਪੰਜਾਬ ਦੇ ਹਰ ਦੂਜੇ ਵਿਅਕਤੀ ਕੋਲ 4-ਜੀ ਸੇਵਾ ਵਾਲਾ ਕੁਨੈਕਸ਼ਨ ਹੈ। ਬੀਐੱਸਐੱਨਐੱਲ ਵੱਲੋਂ ਅਜੇ ਹਾਲੇ ਤੱਕ 4-ਜੀ ਸੇਵਾ ਨਹੀਂ ਦਿੱਤੀ ਜਾ ਰਹੀ ਹੈ। ਪੰਜਾਬ ਵਿਚ ਇਸ ਵੇਲੇ 3.92 ਮੋਬਾਈਲ ਕੁਨੈਕਸ਼ਨ ਹਨ ਜੋ ਸੂਬੇ ਦੀ ਆਬਾਦੀ ਨਾਲੋਂ ਕਰੀਬ 92 ਲੱਖ ਜ਼ਿਆਦਾ ਹਨ। ਪੰਜਾਬ ਭਾਵੇਂ ਸੰਕਟਾਂ ਵਿਚ ਘਿਰਿਆ ਹੋਇਆ ਹੈ ਪਰ ਮੋਬਾਈਲ ਕੁਨੈਕਸ਼ਨ ਲੈਣ ਲਈ ਪੰਜਾਬੀ ਪਿੱਛੇ ਨਹੀਂ ਰਹੇ। ਕਰੀਬ ਢਾਈ ਵਰ੍ਹੇ ਪਹਿਲਾਂ ਪੰਜਾਬੀਆਂ ਕੋਲ 3.17 ਕਰੋੜ ਮੋਬਾਈਲ ਕੁਨੈਕਸ਼ਨ ਸਨ ਜਿਨ੍ਹਾਂ ਵਿੱਚ ਢਾਈ ਸਾਲ ਦੌਰਾਨ 75 ਲੱਖ ਦਾ ਵਾਧਾ ਹੋਇਆ ਹੈ। ਪੰਜਾਬ ਵਿੱਚ ਕਰੀਬ 55 ਲੱਖ ਘਰ ਹਨ ਤੇ ਹਰ ਘਰ ਵਿੱਚ ਔਸਤਨ 7 ਮੋਬਾਈਲ ਕੁਨੈਕਸ਼ਨ ਹਨ। ਜੀਓ ਕੁਨੈਕਸ਼ਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰ ਘਰ ਵਿਚ ਔਸਤਨ ਤਿੰਨ ਜੀਓ ਕੁਨੈਕਸ਼ਨ ਹਨ।
ਪੰਜਾਬ ਭਰ ਵਿੱਚ ਕਰੀਬ 18,500 ਮੋਬਾਈਲ ਟਾਵਰ ਲੱਗੇ ਹਨ। ਪੂਰੇ ਮੁਲਕ ਵਿਚ ਸਭ ਤੋਂ ਵੱਧ ਮੋਬਾਈਲ ਗਾਹਕ ਏਅਰਟੈੱਲ ਦੇ ਹਨ ਜਿਨ੍ਹਾਂ ਦੇ 341.66 ਮਿਲੀਅਨ ਕੁਨੈਕਸ਼ਨ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਰਿਲਾਇੰਸ ਜੀਓ ਹੈ ਜਿਸ ਨੇ ਡੇਢ ਵਰ੍ਹੇ ਵਿਚ ਹੀ ਪੂਰੇ ਦੇਸ਼ ਵਿੱਚ 262.75 ਮਿਲੀਅਨ ਕੁਨੈਕਸ਼ਨ ਵੇਚ ਦਿੱਤੇ ਹਨ। ਤੀਸਰੇ ਨੰਬਰ ‘ਤੇ ਵੋਡਾਫੋਨ ਤੇ ਚੌਥੇ ਨੰਬਰ ‘ਤੇ ਆਈਡੀਆ ਕੰਪਨੀ ਹੈ। ਬੀਐੱਸਐੱਨਐੱਲ ਮੁਲਕ ਵਿਚ ਇਸ ਪੱਖੋਂ ਪੰਜਵੇਂ ਨੰਬਰ ਉਤੇ ਹੈ।
ਸਕੂਲੀ ਵਿਦਿਆਰਥੀ ਵੀ ਮੋਬਾਇਲ ਜਾਲ ‘ਚ ਫਸੇ
ਪੰਜਾਬ ਦੀ ਖਾਸ ਕਰਕੇ ਜਵਾਨੀ ‘ਜੀਓ’ ਨੇ ਕਮਲੀ ਕਰ ਦਿੱਤੀ ਹੈ। ਪੰਜਾਬ ਦੇ ਸਕੂਲੀ ਵਿਦਿਆਰਥੀਆਂ ਕੋਲ ਵੀ ਜੀਓ ਕੁਨੈਕਸ਼ਨ ਹਨ। ਸਾਹਿਤਕਾਰ ਅਤੇ ਵਿੱਦਿਅਕ ਮਾਹਿਰ ਪ੍ਰਿੰਸੀਪਲ ਡਾ. ਜੇ.ਐੱਸ. ਆਨੰਦ ਆਖਦੇ ਹਨ ਕਿ ਜੀਓ ਕੁਨੈਕਸ਼ਨਾਂ ਮਗਰੋਂ ਵਿੱਦਿਅਕ ਨਤੀਜੇ ਵੀ ਪ੍ਰਭਾਵਿਤ ਹੋਏ ਹਨ। ਸਕੂਲੀ ਨਤੀਜਿਆਂ ‘ਤੇ ਪਿਆ ਅਸਰ ਸਾਫ਼ ਦੇਖਿਆ ਜਾ ਸਕਦਾ ਹੈ। ਬਹੁਤੇ ਤਾਂ ਹੁਣ 4-ਜੀ ਸੇਵਾ ਦੇ ਆਦੀ ਹੋ ਗਏ ਹਨ। ਪੰਜਾਬ ਦੇ ਸਿਰਫ਼ ਦੋ ਦਰਜਨ ਪਿੰਡ ਹੀ ਅਜਿਹੇ ਬੱਚੇ ਹਨ ਜਿਨ੍ਹਾਂ ਕੋਲ ਮੋਬਾਈਲ ਦੀ ਸਹੂਲਤ ਨਹੀਂ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ

ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …