‘ਇੰਡੀਆ’ ਗਠਜੋੜ ਨੂੰ ਦੱਸਿਆ ਇਕ ਉਚਾ ਪਹਾੜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੇ ਸਿਆਸੀ ਤਣਾਅ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਸੁਝਾਅ ਦਿੱਤਾ ਹੈ। ਸਿੱਧੂ ਦਾ ਇਹ ਸੁਝਾਅ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗਿ੍ਰਫਤਾਰੀ ਤੋਂ ਬਾਅਦ ਦੋਵਾਂ ਪਾਰਟੀਆਂ ਵਿਚ ਚੱਲ ਰਹੇ ਸਿਆਸੀ ਵਿਵਾਦ ਤੋਂ ਬਾਅਦ ਆਇਆ ਹੈ। ਨਵਜੋਤ ਸਿੱਧੂ ਨੇ ‘ਇੰਡੀਆ’ ਨਾਮ ਦੇ ਗਠਜੋੜ ਨੂੰ ਇਕ ਉਚਾ ਪਹਾੜ ਦੱਸਿਆ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ਇਕ ਉਚੇ ਪਹਾੜ ਵਾਂਗ ਖੜ੍ਹਾ ਹੈ। ਇਧਰ-ਉਧਰ ਆਉਂਦੇ ਤੂਫਾਨਾਂ ਨਾਲ ਇਸਦੀ ਸ਼ਾਨ ਨੂੰ ਫਰਕ ਨਹੀਂ ਪਵੇਗਾ। ਸਾਡੇ ਲੋਕਤੰਤਰ ਦੀ ਰਾਖੀ ਵਾਸਤੇ ਬਣੀ ਇਸ ਢਾਲ ਨੂੰ ਖਿੰਡਾਉਣ ਦੇ ਯਤਨ ਸਫਲ ਨਹੀਂ ਹੋਣਗੇ। ਪੰਜਾਬ ਨੂੰ ਇਹ ਸਮਝਣਾ ਪਵੇਗਾ ਕਿ ਅਗਾਮੀ ਲੋਕ ਸਭਾ ਚੋਣਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਵਾਸਤੇ ਹਨ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਣਨ ਵਾਸਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਇੰਡੀਆ ਗਠਜੋੜ ਨਾਲ ਨਾ ਜੋੜੋ ਅਤੇ ਨਾ ਹੀ ਸੂਬੇ ਦੇ ਮੁੱਦਿਆਂ ਵਿਚ ਇੰਡੀਆ ਗਠਜੋੜ ਦਾ ਜ਼ਿਕਰ ਕਰੋ। ਧਿਆਨ ਰਹੇ ਕਿ ਭਾਰਤ ਵਿਚ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਕਈ ਰਾਜਨੀਤਕ ਪਾਰਟੀਆਂ ਨੇ ਮਿਲ ਕੇ ‘ਇੰਡੀਆ’ ਦਾ ਨਾਮ ਗਠਜੋੜ ਬਣਾਇਆ ਹੈ ਤਾਂ ਕਿ ਚੋਣਾਂ ਵਿਚ ਐਨ.ਡੀ.ਏ. ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਸਿਆਸੀ ਟਾਕਰਾ ਕੀਤਾ ਜਾ ਸਕੇ। ਇਹ ਵੀ ਜ਼ਿਕਰਯੋਗ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਦੀ ਹੋਈ ਗਿ੍ਰਫਤਾਰੀ ਤੋਂ ਬਾਅਦ ਕਾਂਗਰਸ ਪਾਰਟੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਆਰੋਪ ਲਗਾ ਰਹੀ ਹੈ।