ਹਰੀ ਸਿੰਘ ਨਲੂਆ ਦੀ ਵੀਰ ਗਾਥਾ ਨੂੰ ਸਮਰਪਿਤ ਹੈ ਗੀਤ
ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦਾ ਦੂਜਾ ਗੀਤਾ ਰਿਲੀਜ਼ ਕੀਤਾ ਗਿਆ। ਇਹ ਗੀਤ 10 ਵਜ ਕੇ 2 ਮਿੰਟ ‘ਤੇ ਸਿੱਧੂ ਮੂਸੇਵਾਲਾ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਗੀਤ ਦੇ ਰਿਲੀਜ਼ ਹੁੰਦਿਆਂ ਹੀ ਪਹਿਲੇ ਮਿੰਟ ਦੇ ਅੰਦਰ ਹੀ ਲੱਖਾਂ ਲੋਕਾਂ ਵੱਲੋਂ ਇਸ ਨੂੰ ਵੇਖਿਆ ਅਤੇ ਲਾਇਕ ਕੀਤਾ ਜਾ ਚੁੱਕਿਆ ਹੈ। ਇਸ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ ਅਤੇ ਇਹ ਗੀਤ ਅਸਲ ਵਿਚ ਇਕ ਵਾਰ ਹੈ। ਜਿਸ ਨੂੰ ਪੰਜਾਬ ਦੇ ਮਹਾਂਨਾਇਕ ਹਰੀ ਸਿੰਘ ਨਲੂਆ ਦੇ ਲਈ ਗਾਇਆ ਗਿਆ ਹੈ। ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀ ਸਨ। ਇਸ ਮਹਾਂਨਾਇਕ ਨੇ ਪਠਾਣਾਂ ਦੇ ਵਿਰੁੱਧ ਕਈ ਲੜਾਈਆਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ। ਜਿਨ੍ਹਾਂ ‘ਚ ਸਿਆਲਕੋਟ, ਕਸੂਰ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਪ੍ਰਮੁੱਖ ਹਨ। ਹਰੀ ਸਿੰਘ ਨਲੂਆ ਨੂੰ ਭਾਰਤ ਦੇ ਮਹਾਨ ਯੋਧਿਆਂ ‘ਚ ਜਗ੍ਹਾ ਦਿੱਤੀ ਜਾਂਦੀ ਹੈ। ਸਿੱਧੂ ਮੂਸੇਵਾਲਾ ਵੱਲੋਂ ਇਸ ਗੀਤ ਨੂੰ ਗਾਇਆ ਤਾਂ ਜ਼ਰੂਰ ਗਿਆ ਹੈ ਪ੍ਰੰਤੂ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮੂਸੇਵਾਲਾ ਦੀ ਹੱਤਿਆ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਇਹ ਉਸ ਦਾ ਦੂਜਾ ਗੀਤ ਹੈ ਜਿਸ ਦਾ ਉਸ ਦੇ ਚਾਹੁਣ ਵਾਲਿਆਂ ਵੱਲੋਂ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੀਤ ‘ਐਸ ਵਾਈ ਐਲ’ ਆਇਆ ਸੀ ਜਿਸ ਨੂੰ ਭਾਰਤ ਵਿਚ ਯੂ ਟਿਊਬ ‘ਤੇ ਵੈਨ ਕਰ ਦਿੱਤਾ ਗਿਆ ਸੀ।