ਕਿਹਾ : ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਹਿੱਤ ’ਚ ਲਏਗੀ ਫੈਸਲੇ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਯੰਤੀ ਮੌਕੇ ਇਕ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਤਾਂ ਆਪਣਿਆਂ ਨੇ ਹੀ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ ਦਫਤਰ ’ਚ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ ਅਤੇ ਜਦੋਂ ਮੈਂ ਉਨ੍ਹਾਂ ਦੀਆਂ ਫਾਈਲਾਂ ਦੇਖਦਾ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੀਆਂ ਫਾਈਲਾਂ ਖੂਨ ਨਾਲ ਲਿਖੀਆਂ ਹੋਣ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਹਰ ਤਰੀਕੇ ਨਾਲ ਲੁੱਟਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੀ ਬਹੁਤ ਬਰਬਾਦੀ ਕੀਤੀ ਹੈ, ਜਿਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਠੀਕ ਕਰਨ ਵਿਚ ਲੱਗੀ ਹੋਈ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਮੰੂਗੀ ਅਤੇ ਬਾਸਮਤੀ ’ਤੇ ਵੀ ਐਮਐਸਪੀ ਦੇਣ ਦਾ ਐਲਾਨ ਕੀਤਾ। ਸਮਾਰੋਹ ’ਚ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ, ਅਮਰੀਕ ਸਿੰਘ ਘੜਿਆਲ, ਕੁਲਵੰਤ ਸਿੰਘ ਲੋਟੇ, ਪਿ੍ਰੰਸੀਪਲ ਚਮਕੌਰ ਸਿੰਘ, ਡਾ. ਅਨੁਰਾਗ ਸਿੰਘ ਅਤੇ ਸੰਦੀਪ ਰਿਆਤ ਆਦਿ ਨੂੰ ਸਨਮਾਨਿਤ ਵੀ ਕੀਤਾ ਗਿਆ।