25 ਹਜ਼ਾਰ ਸਰਕਾਰੀ ਨੌਕਰੀਆਂ ਨੂੰ ਦਿੱਤੀ ਗਈ ਮਨਜ਼ੂਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪਹਿਲੀ ਕੈਬਨਿਟ ਮੀਟਿੰਗ ਵਿਚ ਸੂਬੇ ਦੇ ਨੌਜਵਾਨਾਂ ਲਈ ਇਕ ਵੱਡਾ ਫੈਸਲਾ ਗਿਆ ਹੈ। ਮਾਨ ਕੈਬਨਿਟ ਨੇ ਪੰਜਾਬ ਦੇ 25 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਰਕਾਰੀ ਨੌਕਰੀਆਂ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਦਿੱਤੀਆਂ ਜਾਣਗੀਆਂ ਜਦਕਿ 10 ਹਜ਼ਾਰ ਨੌਕਰੀਆਂ ਪੁਲਿਸ ਵਿਭਾਗ ਵਿਚ ਦਿੱਤੀਆਂ ਜਾਣਗੀਆਂ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਸੋਮਵਾਰ ਨੂੰ ਵਿਧਾਨ ਸਭਾ ‘ਚ ਪਰਪੋਜ਼ਲ ਲਿਆਂਦਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਦੌਰਾਨ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਅਤੇ ਅੱਜ ਅਸੀਂ ਕੈਬਨਿਟ ਦੀ ਪਹਿਲੀ ਮੀਟਿੰਗ ‘ਚ 25 ਹਜ਼ਾਰ ਨੌਕਰੀਆਂ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਕ ਮਹੀਨੇ ਦੇ ਅੰਦਰ-ਅੰਦਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਹ ਨੌਕਰੀਆਂ ਡਿਗਰੀਆਂ ਦੇ ਅਨੁਸਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਦਿੱਤੀਆਂ ਜਾਣਗੀਆਂ ਇਸ ਵਿਚ ਕਿਸੇ ਦੀ ਕੋਈ ਸਿਫਾਰਸ਼ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਬਾਕੀ ਚੋਣ ਗਰੰਟੀਆਂ ਵੀ ਹੌਲੀ-ਹੌਲੀ ਪੂਰੀਆਂ ਕੀਤੀਆਂ ਜਾਣਗੀਆਂ ਸਾਨੂੰ ਥੋੜ੍ਹਾ ਸਮਾਂ ਦਿਓ। ਕਿਉਂਕਿ ਇਹ ਸਰਕਾਰੀ ਤੁਹਾਡੀ ਹੈ ਅਤੇ ਫੈਸਲੇ ਵੀ ਤੁਹਾਡੇ ਲਈ ਹੀ ਹੋਣਗੇ। ਹਾਲਾਂਕਿ ਅਜੇ ਤੱਕ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨਹੀਂ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਾ ਫੈਸਲਾ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਹਿਮਤ ਨਾਲ ਹੋਵੇਗਾ।