ਬਾਦਲ ਪਰਿਵਾਰ ਦੀ ਪੰਜਾਬ ’ਚ ਹੋਈ ਨਮੋਸ਼ੀਜਨਕ ਹਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਜ਼ਿਆਦਾ ਨਮੋਸ਼ੀਜਨਕ ਹਾਰ ਬਾਦਲ ਪਰਿਵਾਰ ਦੀ ਹੋਈ ਹੈ। ਧਿਆਨ ਰਹੇ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੇ ਪੰਜਾਬ ਵਿਚ 6 ਵਿਧਾਨ ਸਭਾ ਸੀਟਾਂ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਵਿਚੋਂ 5 ਸੀਟਾਂ ’ਤੇ ਇਨ੍ਹਾਂ ਨੂੰ ਹਾਰ ਅਤੇ ਸਿਰਫ ਇਕ ਸੀਟ ਤੋਂ ਜਿੱਤ ਮਿਲੀ ਹੈ। ਸਦਾ ਹੀ ਜਿੱਤਣ ਵਾਲੇ ਅਕਾਲੀ ਦਲ ਦੇ ਸਰਪਰਸਤ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਾਦਲਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਪਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਮਜੀਠੀਆ ਚੋਣ ਹਾਰ ਗਏ ਅਤੇ ਮਜੀਠਾ ਹਲਕੇ ਤੋਂ ਚੋਣ ਲੜੀ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਹੀ ਚੋਣ ਜਿੱਤੇ ਹਨ। ਇਸੇ ਦੌਰਾਨ ਗਿੱਦੜਬਾਹਾ ਤੋਂ ਜਿੱਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਆਪਣੀ ਜਿੱਤ ਦੀ ਖੁਸ਼ੀ ਘੱਟ ਹੈ, ਪਰ ਉਸ ਨੂੰ ਬਾਦਲਾਂ ਦੇ ਹਾਰਨ ਦੀ ਖੁਸ਼ੀ ਜ਼ਿਆਦਾ ਹੋਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨੇ ਸਦੀਆਂ ਤੋਂ ਪੰਜਾਬ ਨਾਲ ਕੀਤਾ ਧੋਖਾ ਹੈ।