Parvasi News, World
ਪੂਰਬੀ ਯੂਕਰੇਨ ਦੇ ਦੋ ਰੀਜਨਜ਼ ਨੂੰ ਆਜ਼ਾਦ ਕਰਾਰ ਦੇਣ ਤੇ ਫੌਜ ਨੂੰ ਉੱਥੇ ਤਾਇਨਾਤ ਕਰਨ ਦੀ ਮਾਨਤਾ ਦੇਣ ਦੇ ਫੈਸਲੇ ਦੇ ਸਬੰਧ ਵਿੱਚ ਰੂਸ ਖਿਲਾਫ ਫੈਡਰਲ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਲਾਸਾ ਕੀਤਾ ਗਿਆ। ਪੀਐਮ ਟਰੂਡੋ ਨੇ ਆਖਿਆ ਕਿ ਸਰਕਾਰ ਵੱਲੋਂ ਕੈਨੇਡੀਅਨਜ਼ ਨੂੰ ਅਜਿਹੇ ਤਥਾ ਕਥਿਤ ਆਜ਼ਾਦ ਸਟੇਟਸ ਦੌਨੇਤਸਕ ਤੇ ਲੁਹਾਂਸਕ ਨਾਲ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ ਦੇਣ ਤੋਂ ਵਰਜਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਰੀਜਨਜ਼ ਨੂੰ ਆਜ਼ਾਦ ਕਰਾਰ ਦੇਣ ਦੇ ਪੱਖ ਵਿੱਚ ਵੋਟ ਪਾਉਣ ਵਾਲੇ ਰੂਸੀ ਪਾਰਲੀਆਮੈਂਟ ਦੇ ਮੈਂਬਰਾਂ ਖਿਲਾਫ ਵੀ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਕੈਨੇਡਾ ਦੀ ਨਾਟੋ ਪ੍ਰਤੀ ਵਚਨਬੱਧਤਾ ਦੇ ਮੱਦੇਨਜ਼ਰ ਆਪਰੇਸ਼ਨ ਰੀਐਸਿ਼ਓਰੈਂਸ ਤਹਿਤ 460 ਕੈਨੇਡੀਅਨ ਫੌਜੀ ਟੁਕੜੀਆਂ ਨੂੰ ਸਰਕਾਰ ਵੱਲੋਂ ਲੈਟਵੀਆ ਵਿੱਚ ਤਾਇਨਾਤ ਕੀਤੇ ਜਾਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਪੀਐਮ ਟਰੂਡੋ ਨੇ ਆਖਿਆ ਕਿ ਇਹ ਰੂਸ ਦੀ ਧੱਕੇਸ਼ਾਹੀ ਹੈ ਤੇ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਉੱਤੇ ਇਸ ਤਰ੍ਹਾਂ ਦੀ ਚੜ੍ਹਾਈ ਨੂੰ ਕਿਸੇ ਵੀ ਹਾਲ ਸਵੀਕਾਰਿਆ ਨਹੀਂ ਜਾ ਸਕਦਾ। ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਨ੍ਹਾਂ ਇਲਾਕਿਆਂ ਵਿੱਚ ਫੌਜ ਤਾਇਨਾਤ ਕਰਨ ਦੇ ਫੈਸਲੇ ਉੱਤੇ ਸਹੀ ਪਾਈ। ਇਸ ਦੌਰਾਨ ਮੰਗਲਵਾਰ ਨੂੰ ਸਰਬਸੰਮਤੀ ਨਾਲ ਵੋਟ ਪਾ ਕੇ ਰੂਸ ਦੇ ਨੀਤੀਘਾੜਿਆਂ ‘ਤੇ ਫੈਡਰੇਸ਼ਨ ਕਾਊਂਸਲ ਦੇ ਮੈਂਬਰਾਂ ਵੱਲੋਂ ਦੇਸ਼ ਤੋਂ ਬਾਹਰ ਫੌਜ ਦੀ ਵਰਤੋਂ ਕਰਨ ਦੀ ਪੁਤਿਨ ਨੂੰ ਇਜਾਜ਼ਤ ਦਿੱਤੀ ਗਈ।ਇਸ ਮਗਰੋਂ ਦੁਨੀਆ ਭਰ ਦੇ ਆਗੂਆਂ ਵੱਲੋਂ ਰੂਸ ਖਿਲਾਫ ਪਾਬੰਦੀਆਂ ਦਾ ਐਲਾਨ ਕੀਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …