ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਵੱਲੋਂ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਕਲੀਨਿਕਲ ਡਾਟਾ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ ਗਿਆ ਹੈ। ਕੰਪਨੀ ਨੂੰ ਪੂਰੀ ਆਸ ਹੈ ਕਿ ਇਸ ਪਿੱਲ ਨਾਲ ਕੋਵਿਡ-19 ਦੇ ਮਾਮੂਲੀ ਤੋਂ ਦਰਮਿਆਨੇ ਮਾਮਲਿਆਂ ਦਾ ਇਲਾਜ ਸਹਿਜੇ ਹੀ ਕੀਤਾ ਜਾ ਸਕੇਗਾ। ਫਾਈਜ਼ਰ ਦੀ ਇਸ ਐਂਟੀਵਾਇਰਲ ਪਿੱਲ ਨੂੰ ਪੈਕਸਲੋਵਿਡ ਦਾ ਨਾਂ ਦਿੱਤਾ ਗਿਆ ਹੈ। ਇਹ ਪਿੱਲ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਬਾਲਗਾਂ ਨੂੰ ਦਿੱਤੀ ਜਾ ਸਕੇਗੀ ਜਿਨ੍ਹਾਂ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਹੋਵੇਗੀ ਤੇ ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਖਤਰਾ ਹੋਵੇਗਾ। ਇਸ ਡਰੱਗ ਨਿਰਮਾਤਾ ਕੰਪਨੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਹੈ ਕਿ ਇਹ ਪਿੱਲ ਸਾਰਸ-ਕੋਵ-2 ਵਿੱਚ ਅਜਿਹੇ ਐਨਜਾਈਮ ਦੀ ਗਤੀਵਿਧੀ ਨੂੰ ਬਲਾਕ ਕਰਨ ਲਈ ਤਿਆਰ ਕੀਤੀ ਗਈ ਹੈ ਜਿਹੜਾ ਵਾਇਰਸ ਨੂੰ ਅਗਾਂਹ ਕਾਪੀ ਕਰਨ ਲਈ ਜ਼ਰੂਰੀ ਹੈ। ਇਸ ਪਿੱਲ ਵਿੱਚ ਅਜਿਹੇ ਇਨਗ੍ਰੀਡੀਐਂਟਸ ਹਨ ਜਿਹੜੇ ਵਾਇਰਸ ਨਾਲ ਲੰਮੇਂ ਸਮੇਂ ਤੱਕ ਲੜਨ ਵਿੱਚ ਮਦਦ ਕਰਦੇ ਹਨ।
ਇਸ ਪਿੱਲ ਵਿੱਚ ਰਿਟੋਨਾਵੀਅਰ ਦੀ ਵਰਤੋਂ ਵੀ ਕੀਤੀ ਗਈ ਹੈ। ਇਹ ਇੱਕ ਅਜਿਹੀ ਦਵਾਈ ਹੈ ਜਿਸਦੀ ਵਰਤੋਂ ਪਹਿਲਾਂ ਵੀ ਐਂਟੀਵਾਇਰਲ ਮੈਡੀਕੇਸ਼ਨਜ਼ ਲਈ ਕੀਤੀ ਜਾਂਦੀ ਰਹੀ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਡਰੱਗ ਨਿਰਮਾਤਾ ਕੰਪਨੀ ਮਰਕ ਵੱਲੋਂ ਕੋਵਿਡ-19 ਦੇ ਇਲਾਜ਼ ਲਈ ਮੌਲਨੂਪਿਰਾਵੀਅਰ ਨਾਂ ਦੀ ਪਿੱਲ ਸਬੰਧੀ ਕਲੀਨਿਕਲ ਡਾਟਾ ਹੈਲਥ ਕੈਨੇਡਾ ਨੂੰ ਮੁਲਾਂਕਣ ਲਈ ਭੇਜਿਆ ਗਿਆ ਸੀ। ਮਰਕ ਦੀ ਇਸ ਪਿੱਲ ਦਾ ਮੁਲਾਂਕਣ ਕੈਨੇਡਾ ਵਿੱਚ ਅਜੇ ਵੀ ਚੱਲ ਰਿਹਾ ਹੈ ਪਰ ਯੂ.ਕੇ ਤੇ ਯੂ.ਐਸ ਵਿੱਚ ਇਸ ਨੂੰ ਮਨਜੂਰੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਯੂ.ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਮੰਗਲਵਾਰ ਨੂੰ ਮਰਕ ਦੀ ਇਸ ਪਿੱਲ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਕੋਵਿਡ-19 ਦਾ ਘਰ ਵਿੱਚ ਇਲਾਜ ਕਰਨ ਲਈ ਅਮੈਰੀਕਨਜ਼ ਇਹ ਪਿੱਲ ਲੈ ਸਕਣਗੇ।