ਬਿਕਰਮ ਮਜੀਠੀਆ ਹਲਕਾ ਮਜੀਠਾ ਤੋਂ ਲੜਨਗੇ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਹਟਦਿਆਂ ਸਾਰ ਹੀ ਬੀਬੀ ਜਗੀਰ ਕੌਰ ਨੂੰ ਸ਼ੋ੍ਰਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਇਕ ਸਾਲ ਪਹਿਲਾਂ 27 ਨਵੰਬਰ 2020 ਨੂੰ ਐਸਜੀਪੀਸੀ ਪ੍ਰਧਾਨ ਬਣਾਇਆ ਗਿਆ ਸੀ ਅਤੇ ਇਕ ਸਾਲ ਪੂਰਾ ਹੋਣ ਤੋਂ ਬਾਅਦ ਅੱਜ ਨਵੇਂ ਪ੍ਰਧਾਨ ਦੀ ਚੋਣ ਵੀ ਹੋਈ ਹੈ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਨੇ ਮਾਝਾ ਖੇਤਰ ਵਿਚ ਪਾਰਟੀ ਦੀ ਅਗਵਾਈ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਵਿਧਾਨ ਸਭਾ ਹਲਕਾ ਮਜੀਠਾ ਤੋਂ ਉਮੀਦਵਾਰ ਬਣਾਇਆ ਹੈ ਅਤੇ ਉਹ ਪਹਿਲਾਂ ਵੀ ਇਸੇ ਹਲਕੇ ਤੋਂ ਵਿਧਾਇਕ ਹਨ। ਬਿਕਰਮ ਮਜੀਠੀਆ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚੋਂ ਇਕ ਹਨ ਅਤੇ ਉਹ ਤਿੰਨ ਵਾਰ ਵਿਧਾਇਕ ਵੀ ਬਣ ਚੁੱਕੇ ਹਨ ਅਤੇ 2012 ਦੀ ਅਕਾਲੀ-ਭਾਜਪਾ ਸਰਕਾਰ ਵਿਚ ਉਹ ਕੈਬਨਿਟ ਮੰਤਰੀ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਹੁਣ ਤੱਕ 90 ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ ਅਤੇ ਸੱਤ ਹੋਰ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਪਾਰਟੀ ਨੇ ਕਰਨਾ ਹੈ। ਧਿਆਨ ਰਹੇ ਕਿ ਪੰਜਾਬ ਵਿਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਗਠਜੋੜ ਕੀਤਾ ਹੋਇਆ ਤੇ 20 ਸੀਟਾਂ ਬਸਪਾ ਨੂੰ ਦਿੱਤੀਆਂ ਹੋਈਆਂ ਹਨ।