ਪਾਕਿ ਦਾ ਐਫ-16 ਫਾਈਟਰ ਜੈਟ ਡੇਗਿਆ ਸੀ ਅਭਿਨੰਦਨ ਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲਾਕੋਟ ਏਅਰ ਸਟਰਾਈਕ ਦੇ ਹੀਰੋ ਅਤੇ ਪਾਕਿਸਤਾਨ ਦਾ ਐਫ-16 ਫਾਈਟਰ ਜੈਟ ਡੇਗਣ ਵਾਲੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੂੰ ਅੱਜ ਸੋਮਵਾਰ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰ ਚਕਰ ਦੇ ਕੇ ਸਨਮਾਨਿਤ ਕੀਤਾ। ਅਭਿਨੰਦਨ ਦੇ ਸਨਮਾਨ ਮੋਕੇ ਰਾਸ਼ਟਰਪਤੀ ਭਵਨ ਤਾੜੀਆਂ ਨਾਲ ਗੂੰਜ ਉਠਿਆ। ਧਿਆਨ ਰਹੇ ਕਿ ਅਭਿਨੰਦਨ ਨੇ 2019 ਵਿਚ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਹਵਾਈ ਯੁੱਧ ਡੇਗ ਲਿਆ ਸੀ। ਉਸ ਸਮੇਂ ਅਭਿਨੰਦਨ ਹਵਾਈ ਫੌਜ ਵਿਚ ਵਿੰਗ ਕਮਾਂਡਰ ਸਨ। ਜ਼ਿਕਰਯੋਗ ਹੈ ਕਿ ਪੁਲ ਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਕੈਂਪਾਂ ’ਤੇ ਏਅਰ ਸਟਰਾਈਕ ਕੀਤੀ ਸੀ। ਇਸ ਵਿਚ ਕਈ ਅੱਤਵਾਦੀ ਮਾਰੇ ਗਏ ਸਨ ਅਤੇ ਉਨ੍ਹਾਂ ਦੇ ਟਿਕਾਣੇ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਤੋਂ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਭਾਰਤ ਨੇ ਕਰਾਰਾ ਜਵਾਬ ਦਿੱਤਾ ਸੀ।

