ਹਰੀਸ਼ ਰਾਵਤ ਦੀ ਹੋਈ ਛੁੱਟੀ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਹਾਈਕਮਾਨ ਨੇ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਲਗਾ ਦਿੱਤਾ ਹੈ। ਚੌਧਰੀ ਨੂੰ ਹਰੀਸ਼ ਰਾਵਤ ਦੀ ਥਾਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਕਾਂਗਰਸ ਹਾਈਕਮਾਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਵਤ ਨੂੰ ਪੰਜਾਬ ਕਾਂਗਰਸ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾ ਰਿਹਾ ਹੈ ਅਤੇ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣੇ ਰਹਿਣਗੇ। ਚਰਚਾ ਤਾਂ ਇਹ ਚੱਲ ਰਹੀ ਹੈ ਕਿ ਹਰੀਸ਼ ਰਾਵਤ ਪੰਜਾਬ ਵਿਚ ਕੈਪਟਨ ਅਤੇ ਸਿੱਧੂ ਵਿਵਾਦ ਨੂੰ ਹੱਲ ਨਹੀਂ ਕਰ ਸਕੇ ਅਤੇ ਇਸ ਕਰਕੇ ਹੀ ਉਨ੍ਹਾਂ ਦੀ ਛੁੱਟੀ ਹੋਈ ਹੈ। ਧਿਆਨ ਰਹੇ ਕਿ ਹਰੀਸ਼ ਰਾਵਤ ਆਪ ਵੀ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੁਣ ਆਪਣੇ ਸੂਬੇ ਉਤਰਾਖੰਡ ਵਿਚ ਵੀ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਸੰਭਾਲਣੀ ਹੈ, ਜਿੱਥੇ ਪੰਜਾਬ ਤੇ ਯੂਪੀ ਦੇ ਨਾਲ ਹੀ 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹਾਈਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।
Check Also
ਚੰਡੀਗੜ੍ਹ ਗਰਨੇਡ ਹਮਲੇ ਦਾ ਇਕ ਆਰੋਪੀ ਗਿ੍ਫ਼ਤਾਰ
ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ …