ਆਮ ਆਦਮੀ ਪਾਰਟੀ ਬੋਲੀ : ਟੋਲ ਪਲਾਜ਼ਿਆਂ ’ਤੇ ਸਾਬਕਾ ਵਿਧਾਇਕਾਂ ਵੱਲੋਂ ਮਚਾਈ ਜਾ ਰਹੀ ਹੈ ਲੁੱਟ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਬਕਾ ਵਿਧਾਇਕਾਂ ’ਤੇ ਗੰਭੀਰ ਆਰੋਪ ਲਗਾਏ ਹਨ। ‘ਆਪ’ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਸਾਬਕਾ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਟੀਕਰ ਹੁਣ ਤੱਕ ਵਾਪਸ ਨਹੀਂ ਕੀਤੇ। ਜਿਸ ਕਰਕੇ ਇਨ੍ਹਾਂ ਸਾਬਕਾ ਵਿਧਾਇਕਾਂ ਵੱਲੋਂ ਵੀਆਈਪੀ ਸਟੀਕਰਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਟੀਕਰਾਂ ਦੀ ਆੜ ’ਚ ਸਾਬਕਾ ਵਿਧਾਇਕਾਂ ਵੱਲੋਂ ਗੈਰਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਸਾਬਕਾ ਵਿਧਾਇਕਾਂ ’ਤੇ ਆਮ ਆਦਮੀ ਪਾਰਟੀ ਨੇ ਇਕ ਟਵੀਟ ਕਰਕੇ ਤੰਜ ਕਸਿਆ ਹੈ। ਟਵੀਟ ’ਚ ਲਿਖਿਆ ਗਿਆ ਹੈ ਕਿ ਰੱਸੀ ਜਲ਼ ਗਈ ਪ੍ਰੰਤੂ ਬਲ ਨਹੀਂ ਗਿਆ। ਜਿਨ੍ਹਾਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਜਨਤਾ ਨੇ ਸਿਰੇ ਤੋਂ ਨਕਾਰ ਦਿੱਤਾ ਉਨ੍ਹਾਂ ਉਤੋਂ ਵਿਧਾਇਕੀ ਦਾ ਖੁਮਾਰ ਹੁਣ ਤੱਕ ਹੀਂ ਉਤਰਿਆ। ਜਦੋਂ ਇਹ ਸਰਕਾਰ ਵਿਚ ਸਨ ਇਨ੍ਹਾਂ ਉਦੋਂ ਵੀ ਜਨਤਾ ਦੀ ਲੁੱਟ ਕੀਤੀ ਅਤੇ ਹੁਣ ਸਰਕਾਰ ਵਿਚ ਨਹੀਂ ਹਨ ਤਾਂ ਪੁਰਾਣੇ ਐਮਐਲਏ ਦਾ ਸਟੀਕਰ ਦਿਖਾ ਕੇ ਲੁੱਟ ਮਚਾ ਰਹੇ ਹਨ ਕੁੱਝ ਤਾਂ ਸ਼ਰਮ ਕਰੋ। ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਨ੍ਹਾਂ ਸਾਬਕਾ ਵਿਧਾਇਕਾਂ ’ਚ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਸਮੇਤ 90 ਸਾਬਕਾ ਵਿਧਾਇਕ ਸ਼ਾਮਲ ਹਨ। ਜਿਨ੍ਹਾਂ ਐਮਐਲਏ ਤੋਂ ਸਾਬਕਾ ਐਮਐਲਏ ਬਣਿਆਂ ਲਗਭਗ ਇਕ ਸਾਲ ਹੋ ਚੁੱਕਿਆ ਹੈ ਪ੍ਰੰਤੂ ਵਿਧਾਇਕੀ ਵਾਲਾ ਸਟੀਕਰ ਵਾਪਸ ਦੇਣ ਲਈ ਤਿਆਰ ਨਹੀਂ। ਜਦਕਿ ਵਿਧਾਨ ਸਭਾ ਵੱਲੋਂ ਬਕਾਇਦਾ ਪੱਤਰ ਜਾਰੀ ਕਰਕੇ ਸਟਿੱਕਰ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਦੁਬਾਰਾ ਤੋਂ ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਸਟਿੱਕਰ ਜਮ੍ਹਾਂ ਕਰਵਾਉਣ ਦੇ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ।