ਨੌਜਵਾਨ ਨੇ ਵਿਕਾਸ ਕਾਰਜਾਂ ਬਾਰੇ ਪੁੱਛਿਆ ਤਾਂ ਜੜ ਦਿੱਤਾ ਥੱਪੜ
ਪਠਾਨਕੋਟ/ਬਿਊਰੋ ਨਿਊਜ਼ : ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਕਾਂਗਰਸੀ ਐਮ ਐਲ ਏ ਜੋਗਿੰਦਰਪਾਲ ਦੀ ਗੁੰਡਾਗਰਦੀ ਵਾਲੀ ਇਕ ਵੀਡੀਓ ਸਾਹਮਣੇ ਆਈ ਹੈ। ਜਦੋਂ ਇਕ ਪ੍ਰੋਗਰਾਮ ਦੌਰਾਨ ਐਮ ਐਲ ਏ ਆਪਣੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਗੁਣ ਗਾ ਰਹੇ ਸਨ ਤਾਂ ਇਕ ਨੌਜਵਾਨ ਨੇ ਵਿਕਾਸ ਬਾਰੇ ਪੁੱਛ ਲਿਆ। ਇਸ ਦੌਰਾਨ ਸਵਾਲ ਕਰਨ ਵਾਲੇ ਨੌਜਵਾਨ ਨੇ ਵਿਧਾਇਕ ਨੂੰ ਕਿਹਾ ਕਿ ਤੂੰ ਕੀ ਕੀਤਾ ਹੈ। ਇਹ ਸ਼ਬਦ ਸੁਣਦਿਆਂ ਹੀ ਐਮ ਐਲ ਏ ਭੜਕ ਉਠਿਆ ਅਤੇ ਉਸ ਨੇ ਭੀੜ ਦੇ ਸਾਹਮਣੇ ਹੀ ਨੌਜਵਾਨ ਨੂੰ ਸ਼ਰ੍ਹੇਆਮ ਥੱਪੜ ਜੜ੍ਹ ਦਿੱਤਾ ਅਤੇ ਉਸ ਤੋਂ ਬਾਅਦ ਵਿਧਾਇਕ ਦੇ ਗੰਨਮੈਨਾਂ ਵੱਲੋਂ ਵੀ ਉਸ ਨੌਜਵਾਨ ਨਾਲ ਖੂਬ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਪ੍ਰੋਗਰਾਮ ਤੋਂ ਬਾਹਰ ਕੱਢ ਦਿੱਤਾ।ਇਸ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਜਿਸ ਤੋਂ ਬਾਅਦ ਵਿਧਾਇਕ ਦੀ ਗੁੰਡਾਗਰਦੀ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਕਾਂਗਰਸੀ ਐਮ ਐਲ ਏ ਸਵਾਲ ਪੁੱਛਣ ਵਾਲੇ ਨਾਲ ਕਰਦੇ ਨੇ ਕੁੱਟਮਾਰ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਦੇਖਿਓ ਕਿਤੇ ਕਿਸੇ ਕਾਂਗਰਸੀ ਐਮ ਐਲ ਏ ਨੂੰ ਕੋਈ ਸਵਾਲ ਨਾ ਪੁੱਛ ਲਿਓ, ਜੇਕਰ ਤੁਸੀਂ ਗਲਤੀ ਨਾਲ ਵੀ ਕਿਸੇ ਕਾਂਗਰਸੀ ਨੂੰ ਸਵਾਲ ਪੁੱਛ ਲਿਆ ਤਾਂ ਉਹ ਤੁਹਾਡੇ ਨਾਲ ਕੁੱਟਮਾਰ ਵੀ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੇ ਕੱਲ੍ਹ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਸਵਾਲ ਪੁੱਛਣ ਵਾਲੇ ਵਿਅਕਤੀ ਨਾਲ ਹੋਈ ਕੁੱਟਮਾਰ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ‘ਤੇ ਹੀ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਚੰਨੀ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੇਕਰ ਤੁਸੀਂ ਵਿਕਾਸ ਕਾਰਜਾਂ ਬਾਰੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਸਵਾਲ ਪੁੱਛਿਆ ਤਾਂ ਉਹ ਤੁਹਾਡੇ ਨਾਲ ਕੁੱਟ ਮਾਰ ਵੀ ਕਰ ਸਕਦੇ ਹਨ।