ਸ਼ਾਹਰੁਖ ਖਾਨ ਤੇ ਗੌਰੀ ਖਾਨ ਨੇ ਆਰੀਅਨ ਨਾਲ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ
ਮੁੰਬਈ : ਡਰੱਗ ਕੇਸ ‘ਚ ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਜ਼ਮਾਨਤ ਨਹੀਂ ਮਿਲ ਸਕੀ ਅਤੇ ਸ਼ਾਹਰੁਖ ਖਾਨ ਦੇ ਲਾਡਲੇ ਨੂੰ ਕੁੱਝ ਦਿਨ ਹੋਰ ਜੇਲ੍ਹ ਅੰਦਰ ਹੀ ਬਿਤਾਉਣੇ ਪੈਣਗੇ। ਆਰਥਰ ਰੋਡ ਜੇਲ੍ਹ ‘ਚ ਆਰੀਅਨ ਨੂੰ ਬੈਰਕ ‘ਚ ਸਿਫ਼ਟ ਕਰ ਦਿੱਤਾ ਗਿਆ ਹੈ। ਆਰੀਅਨ ਦਾ ਅੰਡਰ ਟ੍ਰਾਇਲ ਨੰਬਰ ਐਨ 956 ਹੈ। ਆਰੀਅਨ ਨੂੰ ਜੇਲ੍ਹ ‘ਚ ਆਮ ਕੈਦੀਆਂ ਦੀ ਤਰ੍ਹਾਂ ਰਹਿਣਾ ਪੈ ਰਿਹਾ ਹੈ। ਜੇਲ੍ਹ ‘ਚ ਆਰੀਅਨ ਖਾਨ ਨੂੰ ਘਰ ਤੋਂ 4500 ਰੁਪਏ ਦਾ ਮਨੀ ਆਰਡਰ ਆਇਆ ਹੈ, ਜਿਸ ਨਾਲ ਉਹ ਕੰਟੀਨ ਤੋਂ ਆਪਣੀ ਪਸੰਦ ਦੀ ਵਸਤੂ ਅਤੇ ਖਾਣ ਪੀਣ ਲਈ ਕੁੱਝ ਖਰੀਦ ਸਕਦਾ ਹੈ। ਦਰਅਸਲ ਜੇਲ੍ਹ ਪ੍ਰਸ਼ਾਸਨ ਆਰੋਪੀ ਨੂੰ ਅਦਾਲਤ ਦੀ ਆਗਿਆ ਤੋਂ ਬਾਅਦ ਹੀ ਬਾਹਰ ਦਾ ਖਾਣ ਆਦਿ ਮੁਹੱਈਆ ਕਰਵਾ ਸਕਦਾ ਹੈ ਅਤੇ ਆਰੀਅਨ ਖਾਨ ਦੇ ਲਈ ਅਜੇ ਤੱਕ ਅਜਿਹਾ ਕੋਈ ਹੁਕਮ ਨਹੀਂ ਆਇਆ। ਅਜਿਹੇ ‘ਚ ਉਸ ਨੂੰ ਜੇਲ੍ਹ ਦਾ ਹੀ ਖਾਣਾ ਦਿੱਤਾ ਜਾ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਅਨੁਸਾਰ ਹਾਈ ਕੋਰਟ ਦਾ ਹੁਕਮ ਹੈ ਕਿ ਕੈਦੀ ਹਫ਼ਤੇ ਇਕ ਦਿਨ ਮੋਬਾਇਲ ਤੋਂ ਵੀਡੀਓ ਕਾਲ ਰਾਹੀਂ ਆਪਣੇ ਪਰਿਵਾਰ ਨਾਲ ਗੱਲ ਕਰ ਸਕਦਾ, ਜਿਸ ਦੇ ਤਹਿਤ ਆਰੀਅਨ ਨੇ ਆਪਣੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਪ੍ਰੰਤੂ ਕਰੋਨਾ ਵਾਇਰਸ ਦੇ ਚਲਦਿਆਂ ਕੋਈ ਵੀ ਕੈਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਨਹੀਂ ਕਰ ਸਕਦਾ।