Breaking News
Home / ਭਾਰਤ / ਲਖੀਮਪੁਰ ਖੀਰੀ ਘਟਨਾ ਖਿਲਾਫ ਪ੍ਰਿਅੰਕਾ ਨੇ ‘ਮੌਨ ਧਰਨੇ’ ਦੀ ਕੀਤੀ ਅਗਵਾਈ

ਲਖੀਮਪੁਰ ਖੀਰੀ ਘਟਨਾ ਖਿਲਾਫ ਪ੍ਰਿਅੰਕਾ ਨੇ ‘ਮੌਨ ਧਰਨੇ’ ਦੀ ਕੀਤੀ ਅਗਵਾਈ

ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਉਠੀ ਮੰਗ
ਲਖਨਊ/ਬਿਊਰੋ ਨਿਊਜ਼ : ਕਾਂਗਰਸ ਆਗੂਆਂ ਨੇ ਲਖਨਊ ‘ਚ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ਵਿੱਚ ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿੱਚ ਮੌਨ ਧਰਨਾ ਲਗਾਇਆ। ਆਗੂਆਂ ਤੇ ਪਾਰਟੀ ਵਰਕਰਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ‘ਚੋਂ ਬਰਖਾਸਤ ਕਰਨ ਦੀ ਮੰਗ ਕੀਤੀ। ਉਧਰ ਯੂਪੀ ਸਰਕਾਰ ‘ਚ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ‘ਮੌਨ ਵਰਤ’ ਰੱਖਣ ਦਾ ਸੰਵਿਧਾਨਕ ਹੱਕ ਹੈ, ਪਰ ਕਾਨੂੰਨ ਆਪਣੇ ਮੁਤਾਬਕ ਕੰਮ ਕਰੇਗਾ ਤੇ ਕਿਸੇ ਵੀ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਕਾਂਗਰਸੀ ਬੁਲਾਰੇ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ‘ਮੌਨ ਵਰਤ’ ਰੱਖਦਿਆਂ ਕੇਂਦਰੀ ਮੰਤਰੀ ਨੂੰ ਵਜ਼ਾਰਤ ‘ਚੋਂ ਲਾਂਭੇ ਕਰਨ ਦੀ ਮੰਗ ਕੀਤੀ।
ਤਰਜਮਾਨ ਨੇ ਕਿਹਾ ਕਿ ਕਾਂਗਰਸੀ ਵਰਕਰ ਤੇ ਆਗੂਆਂ, ਜਿਨ੍ਹਾਂ ਵਿੱਚ ਸੂਬਾਈ ਪ੍ਰਧਾਨ ਅਜੈ ਕੁਮਾਰ ਲੱਲੂ, ਪਾਰਟੀ ਵਿਧਾਇਕ ਦਲ ਦੀ ਆਗੂ ਅਰਾਧਨਾ ਮਿਸ਼ਰਾ, ਵਿਧਾਨ ਕੌਂਸਲ ‘ਚ ਪਾਰਟੀ ਆਗੂ ਦੀਪਕ ਸਿੰਘ ਇਥੇ ਜੀਪੀਓ ਪਾਰਕ ਵਿੱਚ ਇਕੱਤਰ ਹੋਏ ਤੇ ਮਗਰੋਂ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਈ। ਪਾਰਟੀ ਵੱਲੋਂ ਲਖੀਮਪੁਰ ਖੀਰੀ ਹਿੰਸਾ ਕੇਸ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਪ੍ਰਿਯੰਕਾ ਗਾਂਧੀ ਨੇ ਲੰਘੇ ਦਿਨ ਵਾਰਾਣਸੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ‘ਕਾਂਗਰਸੀ ਵਰਕਰ ਕਿਸੇ ਤੋਂ ਨਹੀਂ ਡਰਦੇ, ਫਿਰ ਚਾਹੇ ਉਨ੍ਹਾਂ ਨੂੰ ਜੇਲ੍ਹੀਂ ਸੁੱਟ ਦਿਓ ਜਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ। ਅਸੀਂ ਕੇਂਦਰੀ ਮੰਤਰੀ ਦੇ ਅਸਤੀਫ਼ੇ ਤੱਕ ਲੜਾਈ ਜਾਰੀ ਰੱਖਾਂਗੇ। ਸਾਡੀ ਪਾਰਟੀ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਤੇ ਕੋਈ ਵੀ ਸਾਡੀ ਆਵਾਜ਼ ਦਬਾ ਨਹੀਂ ਸਕਦਾ।’

ਅੰਮ੍ਰਿਤਸਰ ‘ਚ ਕਾਂਗਰਸ ਦੇ ਮੌਨ ਵਰਤ ਧਰਨੇ ‘ਚੋਂ ਸਿੱਧੂ ਗੈਰਹਾਜ਼ਰ
ਅੰਮ੍ਰਿਤਸਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅੰਮ੍ਰਿਤਸਰ ‘ਚ ਪੰਜਾਬ ਕਾਂਗਰਸ ਵੱਲੋਂ ਮੌਨ ਵਰਤ ਧਰਨਾ ਦਿੱਤਾ ਗਿਆ, ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੈਰਹਾਜ਼ਰ ਰਹੇ। ਇਹ ਮੌਨ ਵਰਤ ਧਰਨਾ ਇੱਥੇ ਸੋਮਵਾਰ ਨੂੰ ਰੇਲਵੇ ਸਟੇਸ਼ਨ ਦੇ ਕੈਂਪਸ ਵਿੱਚ ਦਿੱਤਾ ਗਿਆ ਸੀ, ਜੋ 12 ਤੋਂ 3 ਵਜੇ ਤੱਕ ਜਾਰੀ ਰਿਹਾ। ਇਸ ਧਰਨੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਾਮਲ ਹੋ ਕੇ ਮੌਨ ਵਰਤ ‘ਤੇ ਬੈਠਣਾ ਸੀ ਪਰ ਧਰਨਾ ਖਤਮ ਹੋਣ ਤੱਕ ਉਹ ਨਹੀਂ ਪੁੱਜੇ। ਧਰਨੇ ਵਿੱਚ ਸ਼ਾਮਲ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵਿੰਦਰਪਾਲ ਸਿੰਘ ਡੈਨੀ ਬੁੰਡਾਲਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਸੁਨੀਲ ਦੱਤੀ, ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਜਤਿੰਦਰ ਸੋਨੀਆ, ਯੋਗਿੰਦਰਪਾਲ ਢੀਂਗਰਾ ਤੇ ਹੋਰ ਕਈ ਕੌਂਸਲਰ ਤੇ ਸਿੱਧੂ ਸਮਰਥਕ ਹਾਜ਼ਰ ਸਨ, ਜਿਨ੍ਹਾਂ ਨੇ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸ ਦੌਰਾਨ ਕਈ ਕਾਂਗਰਸੀ ਕਾਰਕੁਨਾਂ ਨੇ ਹੱਥਾਂ ਵਿੱਚ ਤਖਤੀਆਂ ਤੇ ਪੋਸਟਰ ਵੀ ਫੜੇ ਹੋਏ ਸਨ ਜਿਨ੍ਹਾਂ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰੋ, ਲਖੀਮਪੁਰ ਖੀਰੀ ਹਿੰਸਾ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰੋ, ਕਿਸਾਨਾਂ ਦਾ ਕੀ ਗੁਨਾਹ-ਜਵਾਬ ਦਿਓ, ਕਿਸਾਨਾਂ ਦੇ ਕਾਤਲਾਂ ਨੂੰ ਸਰਪ੍ਰਸਤੀ ਨਹੀਂ ਸਜ਼ਾ ਦਿਓ ਆਦਿ ਨਾਅਰੇ ਲਿਖੇ ਹੋਏ ਸਨ।

 

Check Also

ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ

ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …