ਕਿਹਾ ਸਿੱਧੂ ਚਾਹੇ ਮੈਨੂੰ ਪਾਰਟੀ ‘ਚੋਂ ਕੱਢ ਦੇਣ,ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ
ਚੰਡੀਗੜ੍ਹ : ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਆਰ-ਪਾਰ ਦੀ ਲੜਾਈ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਕੈਪਟਨ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਮੂਰਖ, ਜੋਕਰ ਅਤੇ ਡਰਾਮੇਬਾਜ਼ ਤੱਕ ਕਹਿ ਦਿੱਤਾ। ਸਿੱਧੂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਲੰਘੇ ਦਿਨੀਂ ਕੈਪਟਨ ਨੇ ਸਿੱਧੂ ਨੂੰ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਵੀ ਦੱਸਿਆ ਸੀ। ਕੈਪਟਨ ਨੇ ਕਿਹਾ ਕਿ ਕਸ਼ਮੀਰ ਬਾਰਡਰ ‘ਤੇ ਸਾਡੇ ਸੈਂਕੜੇ ਨੌਜਵਾਨ ਸ਼ਹੀਦ ਹੁੰਦੇ ਹਨ। ਜੋ ਆਰਮੀ ਚੀਫ਼ ਸਾਡੇ ਜਵਾਨਾਂ ਨੂੰ ਮਾਰਨ ਦਾ ਹੁਕਮ ਦਿੰਦਾ ਹੈ, ਉਹ ਸਿੱਧੂ ਦਾ ਦੋਸਤ ਹੈ ਅਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਉਨ੍ਹਾਂ ਦੀ ਗੂੜ੍ਹੀ ਦੋਸਤੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪਾਕਿਸਤਾਨੀ ਮਿੱਤਰਾਂ ਨਾਲ ਮੇਰੀ ਵੀ ਜਾਣ ਪਹਿਚਾਣ ਹੈ ਪ੍ਰੰਤੂ ਮੈਂ ਕਿਸੇ ਨਾਲ ਮਿਲਦਾ ਨਹੀਂ, ਕਿਉਂਕਿ ਰਾਸ਼ਟਰੀ ਸੁਰੱਖਿਆ ਤੋਂ ਉਪਰ ਮੇਰੇ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ, ਜੇ ਉਹ ਚਾਹੁਣ ਤਾਂ ਮੈਨੂੰ ਪਾਰਟੀ ਵਿਚੋਂ ਵੀ ਕੱਢ ਸਕਦੇ ਹਨ ਪ੍ਰੰਤੂ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੇ ਕੈਪਟਨ ‘ਤੇ ਹਮਲਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਪਸੰਦ ਨਹੀਂ ਤਾਂ ਉਹ ਕਾਂਗਰਸ ਪਾਰਟੀ ਨੂੰ ਛੱਡ ਦੇਣ।