ਕਿਹਾ – ਸਿਰਫ ਭਾਰਤੀ ਜਨਤਾ ਪਾਰਟੀ ਦਾ ਕੀਤਾ ਜਾਵੇ ਵਿਰੋਧ
ਪਟਿਆਲਾ/ਬਿਊਰੋ ਨਿਊਜ਼
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਟੂਡੈਂਟ ਵੈੱਲਫੇਅਰ ਐਸੋਸੀਏਟ ਗਰੁੱਪ ਵਲੋਂ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ’ ਕਰਵਾਇਆ ਗਿਆ। ਇਸ ਸੰਮੇਲਨ ਵਿਚ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਦਰਸ਼ਨਪਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਭਾਜਪਾ ਦਾ ਵਿਰੋਧ ਕੀਤਾ ਜਾਵੇ, ਨਾ ਕਿ ਹੋਰ ਖੇਤਰੀ ਪਾਰਟੀਆਂ ਦਾ। ਧਿਆਨ ਰਹੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ, ਹੁਣ ਪਿੰਡਾਂ ਵਿਚ ਕਿਸਾਨਾਂ ਵਲੋਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾ ਰਿਹਾ। ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਕੀਤੇ ਗਏ ਗੰਨੇ ਦੇ ਭਾਅ ਵਿਚ 50 ਰੁਪਏ ਦਾ ਵਾਧਾ, ਪਹਿਲਾ ਕਿਸੇ ਮੁੱਖ ਮੰਤਰੀ ਵਲੋਂ ਨਹੀਂ ਕੀਤਾ ਗਿਆ, ਜਿਸ ਕਰਕੇ ਕੈਪਟਨ ਵਧਾਈ ਦੇ ਪਾਤਰ ਹਨ। ਇਸੇ ਕਰਕੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣਾ ਕੋਈ ਗਲਤ ਨਹੀਂ ਸੀ। ਰਾਜੇਵਾਲ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਮਿਲਣਾ ਕੋਈ ਰਾਜਸੀ ਏਜੰਡਾ ਨਹੀ ਹੈ।