Breaking News
Home / ਦੁਨੀਆ / ਅਫਗਾਨਿਸਤਾਨ ‘ਚ ਨਵੀਂ ਸਰਕਾਰ ਬਣਾਉਣ ਲਈ ਕੋਸ਼ਿਸ਼ਾਂ ਤੇਜ਼

ਅਫਗਾਨਿਸਤਾਨ ‘ਚ ਨਵੀਂ ਸਰਕਾਰ ਬਣਾਉਣ ਲਈ ਕੋਸ਼ਿਸ਼ਾਂ ਤੇਜ਼

ਹਾਮਿਦ ਕਰਜ਼ਈ ਤੇ ਅਬਦੁੱਲਾ ਅਬਦੁੱਲਾ ਵੱਲੋਂ ਹੱਕਾਨੀ ਨੈੱਟਵਰਕ ਦੇ ਸਿਖਰਲੇ ਆਗੂ ਨਾਲ ਮੁਲਾਕਾਤ
ਕਾਬੁਲ/ਬਿਊਰੋ ਨਿਊਜ਼ : ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ ਹੁੰਦੇ ਹੀ ਮੁਲਕ ਵਿਚ ਨਵੀਂ ਸਰਕਾਰ ਦੇ ਗਠਨ ਲਈ ਯਤਨ ਤੇਜ਼ ਹੋ ਗਏ ਹਨ। ਤਾਲਿਬਾਨ ਦੇ ਸਭ ਤੋਂ ਤਾਕਤਵਾਰ ਅਖਵਾਉਂਦੇ ਧੜੇ ‘ਹੱਕਾਨੀ ਨੈੱਟਵਰਕ ਦਹਿਸ਼ਤੀ ਸਮੂਹ’ ਦੇ ਸੀਨੀਅਰ ਆਗੂ ਤੇ ਤਾਲਿਬਾਨੀ ਕਮਾਂਡਰ ਅਨਸ ਹੱਕਾਨੀ ਨੇ ਸਾਬਕਾ ਅਫ਼ਗ਼ਾਨ ਸਦਰ ਹਾਮਿਦ ਕਰਜ਼ਈ ਨਾਲ ਮੁਲਾਕਾਤ ਕਰਕੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਮੀਟਿੰਗ ਵਿੱਚ ਕਰਜ਼ਈ ਤੋਂ ਇਲਾਵਾ ਅਮਨ ਕੌਂਸਲ ਦੇ ਚੀਫ਼ ਅਬਦੁੱਲਾ ਅਬਦੁੱਲਾ ਵੀ ਮੌਜੂਦ ਸਨ। ਚੇਤੇ ਰਹੇ ਕਿ ਤਾਲਿਬਾਨ ਦੇ ਸਿਖਰਲੇ ਆਗੂਆਂ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਨਵੀਂ ਅਫ਼ਗਾਨ ਸਰਕਾਰ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਹੀ ਵਜ੍ਹਾ ਹੈ ਕਿ ਤਾਲਿਬਾਨ ਨੇ ਸਰਕਾਰ ਦੇ ਗਠਨ ਲਈ ਗੈਰ-ਤਾਲਿਬਾਨੀ ਆਗੂਆਂ ਨਾਲ ਸੰਵਾਦ ਦਾ ਅਮਲ ਵਿੱਢਿਆ ਹੈ। ਸਾਬਕਾ ਅਫ਼ਗ਼ਾਨ ਸਦਰ ਕਰਜ਼ਈ ਦੇ ਤਰਜਮਾਨ ਨੇ ਕਿਹਾ ਕਿ ਅਨਸ ਹੱਕਾਨੀ ਨਾਲ ਸ਼ੁਰੂਆਤੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਤਾਲਿਬਾਨ ਦੇ ਸਿਖਰਲੇ ਸਿਆਸੀ ਆਗੂ ਮੁੱਲਾ ਅਬਦੁਲ ਗ਼ਨੀ ਬਰਾਦਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਅਮਰੀਕਾ ਨੇ ਸਾਲ 2012 ਵਿੱਚ ਹੱਕਾਨੀ ਨੈੱਟਵਰਕ ਨੂੰ ਦਹਿਸ਼ਤੀ ਸਮੂਹ ਐਲਾਨ ਦਿੱਤਾ ਸੀ ਤੇ ਇਸ ਜਥੇਬੰਦੀ ਦੇ ਨਵੀਂ ਸਰਕਾਰ ਦਾ ਹਿੱਸਾ ਬਣਨ ਨਾਲ ਭਵਿੱਖੀ ਸਰਕਾਰ ‘ਤੇ ਕੌਮਾਂਤਰੀ ਪਾਬੰਦੀਆਂ ਲੱਗਣ ਦੇ ਆਸਾਰ ਬਣ ਸਕਦੇ ਹਨ। ਹਾਮਿਦ ਕਰਜ਼ਈ ਤੇ ਅਬਦੁੱਲਾ ਅਬਦੁੱਲਾ ਦੀ ਅਨਸ ਹੱਕਾਨੀ ਨਾਲ ਮੀਟਿੰਗ ਤੋਂ ਜਾਣੂ ਸੂਤਰਾਂ ਨੇ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਹੱਕਾਨੀ ਨੈੱਟਵਰਕ ਤਾਲਿਬਾਨ ਦੇ ਅਹਿਮ ਧੜਿਆਂ ‘ਚੋਂ ਇਕ ਹੈ, ਜਿਸ ਨੇ ਐਤਵਾਰ ਨੂੰ ਰਾਜਧਾਨੀ ਕਾਬੁਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ।
ਮੁੱਲ੍ਹਾ ਬਰਾਦਰ ਹੋ ਸਕਦਾ ਅਫਗਾਨ ਦਾ ਅਗਲਾ ਸਦਰ
ਨਵੀਂ ਦਿੱਲੀ : ਤਾਲਿਬਾਨ ਦੇ ਸਹਿ-ਬਾਨੀ ਤੇ ਡਿਪਟੀ ਆਗੂ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਅਫ਼ਗ਼ਾਨਿਸਤਾਨ ਦਾ ਅਗਲਾ ਸਦਰ ਨਿਯੁਕਤ ਕੀਤਾ ਜਾ ਸਕਦਾ ਹੈ। ਮੁੱਲ੍ਹਾ ਬਰਾਦਰ ਕੰਧਾਰ ਪੁੱਜ ਗਿਆ ਹੈ, ਜੋ ਤਾਲਿਬਾਨ ਦੀ ਜਨਮ ਭੌਂਇ ਹੋਣ ਦੇ ਨਾਲ ਦਹਿਸ਼ਤੀ ਗੁਟ ਦੀ ਪਿਛਲੀ ਹਕੂਮਤ ਮੌਕੇ ਮੁਲਕ ਦੀ ਰਾਜਧਾਨੀ ਸੀ। ਬਰਾਦਰ ਕਤਰ ਤੋਂ ਇਥੇ ਪੁੱਜਾ ਹੈ, ਜਿੱਥੇ ਉਸ ਨੇ ਅਮਰੀਕਾ ਤੇ ਮਗਰੋਂ ਅਫ਼ਗਾਨ ਸ਼ਾਂਤੀ ਸਮਝੌਤੇ ਲਈ ਮਹੀਨਿਆਂਬੱਧੀ ਸਮਾਂ ਗੁਜ਼ਾਰਿਆ ਸੀ। ਮੁੱਲ੍ਹਾ ਬਰਾਦਰ ਨੂੰ ਸਾਲ 2010 ਵਿੱਚ ਪਾਕਿਸਤਾਨ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 2018 ਵਿੱਚ ਟਰੰਪ ਪ੍ਰਸ਼ਾਸਨ ਦੀ ਅਪੀਲ ‘ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਅਮਰੀਕੀ ਵਾਰਤਾਕਾਰ ਜ਼ਾਲਮੇ ਖਲੀਲਜ਼ਾਦ ਨੇ ਕਤਰ ਵਿੱਚ ਗੱਲਬਾਤ ਦੌਰਾਨ ਬਰਾਦਰ ਦੀ ਭਰੋਸੇਯੋਗ ਹਮਰੁਤਬਾ ਵਜੋਂ ਪਛਾਣ ਕੀਤੀ ਸੀ।
ਜਲਾਲਾਬਾਦ ‘ਚ ਤਾਲਿਬਾਨ ਵਿਰੋਧੀ ਪ੍ਰਦਰਸ਼ਨ
ਕਾਬੁਲ : ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ ਤਾਲਿਬਾਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਚੱਲੀ ਗੋਲੀ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਦਰਜਨ ਤੋਂ ਵਧ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜਲਾਲਾਬਾਦ ਸ਼ਹਿਰ ਦੇ ਬਾਸ਼ਿੰਦਿਆਂ ਨੇ ਮੁਲਕ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਚੁਰਾਹੇ ‘ਤੇ ਤਾਲਿਬਾਨ ਦਾ ਝੰਡਾ ਉਤਾਰ ਕੇ ਅਫ਼ਗ਼ਾਨਿਸਤਾਨ ਦਾ ਕੌਮੀ ਝੰਡਾ ਝੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਤਾਲਿਬਾਨੀ ਲੜਾਕਿਆਂ ਨੇ ਪਹਿਲਾਂ ਹਵਾ ਵਿੱਚ ਗੋਲੀਆਂ ਚਲਾਈਆਂ ਤੇ ਮਗਰੋਂ ਹਜੂਮ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਭੜਕੀ ਹਿੰਸਾ ਮੌਕੇ ਤਿੰਨ ਵਿਅਕਤੀ ਮਾਰੇ ਗਏ ਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ।

 

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …