ਗੱਲਬਾਤ ‘ਤੇ ਦਿੱਤਾ ਜ਼ੋਰ; ਕਸ਼ਮੀਰ ਦੀਆਂ ਵਿਰੋਧੀ ਪਾਰਟੀਆਂ ਦੇ ਵਫਦ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੋਂ ਦੇ ਹਾਲਾਤ ਉਪਰ ਆਪਣੀ ਚਿੰਤਾ ਅਤੇ ਦੁਖ ਜ਼ਾਹਰ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੋਕਾ ਦਿੱਤਾ ਕਿ ਜੰਮੂ ਕਸ਼ਮੀਰ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਰਲ ਕੇ ਕੰਮ ਕੀਤਾ ਜਾਵੇ। ਵਾਦੀ, ਜਿਥੇ ਲਗਾਤਾਰ 45ਵੇਂ ਦਿਨ ਅਸ਼ਾਂਤੀ ਬਣੀ ਹੋਈ ਹੈ, ਵਿਚ ਹਾਲਾਤ ਆਮ ਵਰਗੇ ਬਣਾਉਣ ਦੀ ਅਪੀਲ ਕਰਦਿਆਂ ਮੋਦੀ ਨੇ ਵਾਰਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇਗਾ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠਲੇ ਵਿਰੋਧੀ ਧਿਰਾਂ ਦੇ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਲ 75 ਮਿੰਟਾਂ ਤੱਕ ਬੈਠਕ ਤੋਂ ਬਾਅਦ ਜਾਰੀ ਸਰਕਾਰੀ ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਵੱਲੋਂ ਦਿੱਤੇ ਗਏ ‘ਉਸਾਰੂ ਸੁਝਾਵਾਂ’ ਦੀ ਸ਼ਲਾਘਾ ਕਰਦਿਆਂ ਲੋਕਾਂ ਦੀ ਭਲਾਈ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਹੈ। ਉਮਰ ਅਤੇ ਉਨ੍ਹਾਂ ਦੀ ਪਾਰਟੀ ਨੈਸ਼ਨਲ ਕਾਨਫਰੰਸ ਦੇ 7 ਵਿਧਾਇਕਾਂ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਏ ਮੀਰ ਦੀ ਅਗਵਾਈ ਵਿਚ ਕਾਂਗਰਸ ਵਿਧਾਇਕਾਂ ਅਤੇ ਸੀਪੀਆਈ-ਐਮ ਵਿਧਾਇਕ ਐਮ ਵਾਈ ਤਾਰੀਗਾਮੀ ਸਮੇਤ 20 ਮੈਂਬਰੀ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਵਾਦੀ ਦੇ ਸੰਕਟ ਦਾ ਹੱਲ ਸਿਆਸੀ ਤਰੀਕੇ ਨਾਲ ਕੱਢੇ ਜਾਣ ਦੀ ਅਪੀਲ ਕੀਤੀ। ਵਫ਼ਦ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ઠ ઠ ਪਿਛਲੀਆਂ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ।
ਬਿਆਨ ਜਾਰੀ ਹੋਣ ਦੇ ਤੁਰੰਤ ਬਾਅਦ ਉਮਰ ਅਬਦੁੱਲਾ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਲੱਭਣ ਲਈ ਰਲ ਕੇ ਕੰਮ ਕਰਨ ਨੂੰ ਤਿਆਰ ਹਨ। ਨੈਸ਼ਨਲ ਕਾਨਫਰੰਸ ਦੇ ਵਰਕਿੰਗ ਪ੍ਰਧਾਨ ਅਬਦੁੱਲਾ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਸ਼ਮੀਰ ਮੁੱਦੇ ਦਾ ਸਿਆਸੀ ਹੱਲ ਲੱਭਣ ਦੀ ਬੇਨਤੀ ਕੀਤੀ ਹੈ ਤਾਂ ਜੋ ਸੂਬੇ ਅਤੇ ਮੁਲਕ ਵਿਚ ਸ਼ਾਂਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ, ”ਗੜਬੜ ਦੌਰਾਨ ਜਿਨ੍ਹਾਂ ਦੀਆਂ ਜਾਨਾਂ ਗਈਆਂ ਹਨ, ਉਹ ਸਾਡੇ ਆਪਣੇ ਅਤੇ ਮੁਲਕ ਦਾ ਹਿੱਸਾ ਸਨ। ਉਹ ਭਾਵੇਂ ਨੌਜਵਾਨ ਸਨ, ਸੁਰੱਖਿਆ ਬਲ ਜਾਂ ਪੁਲਿਸ ਦੇ ਜਵਾਨ ਸਨ, ਉਨ੍ਹਾਂ ਦੀ ਮੌਤ ਸਾਨੂੰ ਗ਼ਮਗੀਨ ਕਰਦੀ ਹੈ।” ਸਰਕਾਰ ਅਤੇ ਦੇਸ਼ ਦੇ ਜੰਮੂ ਕਸ਼ਮੀਰ ਨਾਲ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਕੋਲ ਇਹ ਸੁਨੇਹਾ ਪਹੁੰਚਾਉਣ।
ਕਸ਼ਮੀਰ ਦੇ ਹਾਲਾਤ ਨਾਲ ਅਸੀਂ ਨਹੀਂ ਨਜਿੱਠ ਸਕਦੇ: ਸੁਪਰੀਮ ਕੋਰਟ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਨੂੰ ਕਿਹਾ ਹੈ ਕਿ ਨਿਆਂਪਾਲਿਕਾ ਸਰਹੱਦੀ ਸੂਬੇ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਦੇ ਸਾਰੇ ਪੱਖਾਂ ਨਾਲ ਨਜਿੱਠਣ ਦੀ ਹਾਲਤ ਵਿਚ ਨਹੀਂ ਹੈ। ਅਦਾਲਤ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਵੀ ਵਾਦੀ ਦੇ ਸੁਖਾਵੇਂ ਹਾਲਾਤ ਲਈ ਕੇਂਦਰ ਕੋਲ ਪਹੁੰਚ ਕਰਨ। ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਅਗਵਾਈ ਹੇਠਲੇ ਬੈਂਚ ਨੇ ਪੈਂਥਰਜ਼ ਪਾਰਟੀ ਦੇ ਮੁਖੀ ਅਤੇ ਸੀਨੀਅਰ ਵਕੀਲ ਭੀਮ ਸਿੰਘ ਨੂੰ ਕਿਹਾ ਕਿ ਸਿਆਸੀ ਆਗੂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਵਫ਼ਦ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਭੀਮ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਨੇ ਉਨ੍ਹਾਂ ਨੂੰ ਵਿਚਾਰ ਵਟਾਂਦਰੇ ਦਾ ਸੱਦਾ ਨਹੀਂ ਦਿੱਤਾ ਕਿਉਂਕਿ ਆਰਐਸਐਸ ਉਨ੍ਹਾਂ ਤੋਂ ਨਫ਼ਰਤ ਕਰਦਾ ਹੈ। ਉਨ੍ਹਾਂ ਦੀ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ਬੈਂਚ ਨੇ ਹਦਾਇਤ ਕੀਤੀ ਕਿ ਉਹ ਅਦਾਲਤ ਦੀ ਕਾਰਵਾਈ ਤੋਂ ਸਿਆਸਤ ਨੂੰ ਬਾਹਰ ਰੱਖਣ।