Breaking News
Home / ਪੰਜਾਬ / ਧਰਮਸੋਤ ਦੀ ਸਿੱਧੂ ਨੂੰ ਨਸੀਹਤ

ਧਰਮਸੋਤ ਦੀ ਸਿੱਧੂ ਨੂੰ ਨਸੀਹਤ

ਕਿਹਾ : ਪੰਜਾਬ ’ਚ ਹੁਣ ਵੀ ਕੈਪਟਨ ਹੀ ਕਪਤਾਨ
ਚੰਡੀਗੜ੍ਹ/ਬਿਊਰੋ ਨਿਊਜ਼
ਬੇਸ਼ੱਕ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ, ਪੰ੍ਰਤੂ ਪੰਜਾਬ ਕਾਂਗਰਸ ਅੰਦਰ ਪੈਦਾ ਹੋਇਆ ਕਲੇਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਨਿੱਤਰ ਆਏ ਹਨ। ਧਰਮਸੋਤ ਨੇ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਮੌਕੇ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਗਈ ਅਣਦੇਖੀ ਦੀ ਸਖਤ ਆਲੋਚਨਾ ਕੀਤੀ। ਧਰਮਸੋਤ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਮਰਥਾ ਬਾਰੇ ਕਿਸੇ ਨੂੰ ਵੀ ਗਲਤ ਫਹਿਮੀ ’ਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਕਾਂਗਰਸ ਦਾ ਵਜੂਦ ਹੈ ਤਾਂ ਉਹ ਸਿਰਫ਼ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਹੈ, ਪਹਿਲਾਂ 2002 ’ਚ ਅਤੇ ਫਿਰ 2017 ’ਚ ਜੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੀ ਤਾਂ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਬਣੀ। ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨੀਂ ਰਾਜ ਕੁਮਾਰ ਵੇਰਕਾ ਨੇ ਵੀ ਕੈਪਟਨ ਦਾ ਪੱਖ ਪੂਰਦਿਆਂ ਕੈਬਨਿਟ ਮੰਤਰੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਅੱਜ ਤੁਸੀਂ ਜੋ ਸੁੱਖ ਮਾਣ ਰਹੇ ਹੋ ਉਹ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਦਾ ਜੋ ਬੂਟਾ ਕੈਪਟਨ ਅਮਰਿੰਦਰ ਸਿੰਘ ਨੇ ਲਾਇਆ ਸੀ ਉਹ ਅੱਜ ਦਰਖ਼ਤ ਬਣ ਗਿਆ ਹੈ। ਉਨ੍ਹਾਂ ਮੰਤਰੀਆਂ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਜਿਸ ਬੂਟੇ ਦੀ ਛਾਵੇਂ ਤੁਸੀਂ ਬੈਠੇ ਹੋ ਜਾਂ ਫਲ ਖਾ ਰਹੇ ਹੋ ਉਸ ਨੂੰ ਪੱਥਰ ਨਾ ਮਾਰੋ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮੁਆਫ਼ ਨਹੀਂ ਕਰਨਗੀਆਂ।

Check Also

ਆਮ ਆਦਮੀ ਪਾਰਟੀ ਪੰਜਾਬ ’ਚ ਬਦਲ ਸਕਦੀ ਹੈ ਆਪਣੇ ਉਮੀਦਵਾਰ : ਸੁਨੀਲ ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ …