ਪ੍ਰਕਾਸ਼ ਸਿੰਘ ਬਾਦਲ ਕੋਲੋਂ ਸਿੱਟ ਨੇ ਢਾਈ ਘੰਟਿਆਂ ਵਿਚ ਪੁੱਛੇ 43 ਸਵਾਲ
ਚੰਡੀਗੜ੍ਹ : ਛੇ ਸਾਲ ਪਹਿਲਾਂ ਕੋਟਕਪੂਰਾ ਵਿਚ ਪੁਲਿਸ ਵਲੋਂ ਗੋਲੀ ਚਲਾਉਣ ਦੇ ਮਾਮਲੇ ਵਿਚ ਜਾਂਚ ਕਰ ਰਹੀ ਐਸਆਈਟੀ ਨੇ ਮੰਗਲਵਾਰ ਨੂੰ ਢਾਈ ਘੰਟਿਆਂ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪੁੱਛਗਿੱਛ ਕੀਤੀ ਗਈ। ਐਸਆਈਟੀ ਨੇ ਗੋਲੀਕਾਂਡ ਅਤੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨਾਲ ਜੁੜੇ ਸਵਾਲ ਪੁੱਛੇ। ਐਸਆਈਟੀ ਟੀਮ ਵਿਚ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਦੀ ਮੌਜੂਦਗੀ ਨੂੰ ਲੈ ਕੇ ਹੰਗਾਮਾ ਹੋ ਗਿਆ। ਬਾਦਲ ਕੋਲੋਂ ਐਸਆਈਟੀ ਦੇ 3 ਮੈਂਬਰਾਂ ਏਡੀਜੀਪੀ ਐਲ.ਕੇ. ਯਾਦਵ, ਲੁਧਿਆਣਾ ਦੇ ਸੀਪੀ, ਡੀਆਈਜੀ ਫਰੀਦਕੋਟ ਨੇ ਪੁੱਛਗਿੱਛ ਕਰਨੀ ਸੀ। ਡੀਆਈਜੀ ਫਰੀਦਕੋਟ ਦੇ ਨਾ ਪਹੁੰਚਣ ‘ਤੇ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਤਤਕਾਲੀਨ ਮੁੱਖ ਮੰਤਰੀ ਕੋਲੋਂ ਸਵਾਲ ਪੁੱਛਣ ਲੱਗੇ। ਇਸ ‘ਤੇ ਪ੍ਰਕਾਸ਼ ਸਿੰਘ ਬਾਦਲ ਸਖਤ ਇਤਰਾਜ਼ ਕਰਦੇ ਹੋਏ ਕਿਹਾ ਕਿ ਐਸਆਈਟੀ ਮੈਂਬਰ ਦੇ ਇਲਾਵਾ ਕਿਸੇ ਨੂੰ ਹੱਕ ਨਹੀਂ ਕਿ ਉਹ ਇਸ ਮਾਮਲੇ ਵਿਚ ਸਵਾਲ-ਜਵਾਬ ਕਰੇ। ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਸਵਾਲ ਨਹੀਂ ਕੀਤਾ। ਐਸਆਈਟੀ ਨੇ ਬਾਦਲ ਕੋਲੋਂ ਕੁੱਲ 43 ਸਵਾਲ ਪੁੱਛੇ। ਐਸਆਈਟੀ ਦੀ ਪੁੱਛਗਿੱਛ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਜਾਂਚ ਦੇ ਨਾਮ ‘ਤੇ ਸਿਆਸਤ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਨੇ ਸਾਬਕਾ ਆਈਜੀ ਵਿਜੈ ਕੁੰਵਰ ਦਾ ਇਸਤੇਮਾਲ ਕੀਤਾ। ਕੁੰਵਰ ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਇਹ ਗੱਲ ਸਾਬਤ ਹੋ ਗਈ ਹੈ।
ਸਾਬਕਾ ਮੁੱਖ ਮੰਤਰੀ ਬਾਦਲ ਕੋਲੋਂ ਪੁੱਛੇ ਗਏ ਪ੍ਰਮੁੱਖ ਸਵਾਲ
ਕਿਸ ਅਧਿਕਾਰੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਸੀ?
-2015 ਦੀ ਗੱਲ ਹੈ। ਕਈ ਸਾਲ ਬੀਤ ਚੁੱਕੇ ਹਨ। ਮੈਨੂੰ ਯਾਦ ਨਹੀਂ ਉਸ ਸਮੇਂ ਮੈਨੂੰ ਸਭ ਤੋਂ ਪਹਿਲਾਂ ਕਿਸ ਅਧਿਕਾਰੀ ਨੇ ਫੋਨ ਕਰਕੇ ਸੂਚਨਾ ਦਿੱਤੀ ਸੀ।
ਕੀ ਤੁਹਾਨੂੰ ਡੀਜੀਪੀ ਸੁਮੇਧ ਸੈਣੀ ਦਾ ਫੋਨ ਆਇਆ ਸੀ ਜਾਂ ਆਈਜੀ ਉਮਰਾਨੰਗਲ ਦਾ?
-ਉਸ ਸਮੇਂ ਮੇਰੇ ਕੋਲ ਗ੍ਰਹਿ ਮੰਤਰਾਲਾ ਨਹੀਂ ਸੀ। ਇਹ ਜ਼ਰੂਰ ਹੈ ਕਿ ਉਸ ਸਮੇਂ ਸੁਮੇਧ ਸੈਣੀ ਡੀਜੀਪੀ ਸਨ, ਪਰ ਇਹ ਨਹੀਂ ਦੱਸ ਸਕਦਾ ਕਿ ਮੈਨੂੰ ਉਸ ਸਮੇਂ ਕਿਸਦਾ ਫੋਨ ਆਇਆ ਸੀ।
ਬੇਅਦਬੀ ਦੀ ਜਾਂਚ ਦੌਰਾਨ ਕੀ ਡੇਰਾ ਸੱਚਾ ਸੌਦਾ ਨਾਮ ਸਾਹਮਣੇ ਆਉਣ ਦੀ ਜਾਣਕਾਰੀ ਤੁਹਾਨੂੰ ਸੀ?
-ਮਾਮਲੇ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਉਹ ਹੀ ਇਸ ਬਾਰੇ ਦੱਸ ਸਕਦੇ ਹਨ, ਮੈਨੂੰ ਇਸ ਬਾਰੇ ਵਿਚ ਪਤਾ ਨਹੀਂ ਹੈ ਕਿ ਉਸ ਸਮੇਂ ਡੇਰਾ ਸੱਚਾ ਸੌਦਾ ਦਾ ਨਾਮ ਆਇਆ ਸੀ ਕਿ ਨਹੀਂ। ਅਸੀਂ ਤਾਂ ਠੋਸ ਜਾਂਚ ਦੇ ਨਿਰਦੇਸ਼ ਦਿੱਤੇ ਸਨ।
ਤੁਸੀਂ ਕਿਹਨਾਂ ਅਫਸਰਾਂ ਨੂੰ ਨਿਰਦੇਸ਼ ਦਿੱਤੇ ਸਨ?
-ਮੈਂ ਪਹਿਲਾਂ ਵੀ ਕਿਹਾ ਹੈ ਕਿ ਮਾਮਲਾ ਪੁਰਾਣਾ ਹੈ, ਮੈਨੂੰ ਉਨ੍ਹਾਂ ਅਫਸਰਾਂ ਦੇ ਨਾਮ ਯਾਦ ਨਹੀਂ ਹਨ।
ਸਾਨੂੰ ਉਮੀਦ ਹੈ ਕਿ ਤੁਸੀਂ ਐਸਆਈਟੀ ਦਾ ਪੂਰਾ ਸਹਿਯੋਗ ਕਰੋਗੇ?
ਮੈਂ ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ। ਮੈਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਸਮਝਦਾ ਹਾਂ। ਮੈਂ ਪਹਿਲਾਂ ਵੀ ਐਸਆਈਟੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਹੁਣ ਵੀ ਦੇ ਰਿਹਾ ਹਾਂ। ਕਿਸੇ ਪ੍ਰਕਾਰ ਦਾ ਇਨਕਾਰ ਨਹੀਂ ਹੈ। ਜਿੰਨਾ ਮੈਨੂੰ ਪਤਾ ਹੈ ਮੈਂ ਦੱਸ ਰਿਹਾ ਹਾਂ।
ਸਿਟ ਦੇ ਨਾਂ ‘ਤੇ ਖੇਡੀ ਜਾ ਰਹੀ ਹੈ ਸਿਆਸਤ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਸਿੱਟ’ ਵੱਲੋਂ ਪੁੱਛਗਿਛ ਦੇ ਨਾਂ ‘ਤੇ ਪਹਿਲਾਂ ਵੀ ਸਿਆਸਤ ਖੇਡੀ ਗਈ ਸੀ ਅਤੇ ਹੁਣ ਵੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਿਸ਼ਾਨਾ ਦੋਸ਼ੀ ਫੜਨਾ ਨਹੀਂ ਹੈ ਬਲਕਿ ਇਸ ਮੁੱਦੇ ‘ਤੇ ਸਿਆਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਤੇ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਦੀ ਕਮਾਨ ਹੇਠ ਇਨਸਾਫ ਦੇਣ ਦੀ ਥਾਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ।
ਪੰਜਾਬ ਸਾਹਿਤ ਅਕਾਦਮੀ ਦੀ ਕਾਰਜਕਾਰਨੀ ਦਾ ਹੋਇਆ ਗਠਨ
ਚੰਡੀਗੜ੍ਹ : ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਹੇਠ ਅਕਾਦਮੀ ਦੀ ਜਨਰਲ ਕੌਂਸਲ ਦੀ ਵਿਸ਼ੇਸ਼ ਬੈਠਕ ਹੋਈ। ਜਿਸ ਵਿਚ ਪੰਜਾਬ ਕਲਾ ਪਰੀਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਬਤੌਰ ਨਿਗਰਾਨ ਹਾਜ਼ਰ ਹੋਏ। ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਨਾਲ ਕੰਮ ਕਰਨ ਲਈ ਚੁਣੀ ਗਈ ਕਾਰਜਕਾਰਨੀ ਵਿਚ ਮੀਤ ਪ੍ਰਧਾਨ ਵਜੋਂ ਡਾ.ਰਾਵੇਲ ਸਿੰਘ, ਸਕੱਤਰ ਵਜੋਂ ਡਾ. ਸਤੀਸ਼ ਕੁਮਾਰ ਵਰਮਾ ਅਤੇ ਦੇਸ ਰਾਜ ਕਾਲੀ, ਡਾ.ਕੁਲਦੀਪ ਸਿੰਘ ਦੀਪ ਅਤੇ ਦੀਪਕ ਸ਼ਰਮਾ ਚਨਾਰਥਲ ਨੂੰ ਬਤੌਰ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ਪੰਜਾਬ ਸਾਹਿਤ ਅਕਾਦਮੀ ਦੀ ਇਸ ਕਾਰਜਕਾਰਨੀ ਵਿਚ ਡਾ.ਲਖਵਿੰਦਰ ਸਿੰਘ ਜੌਹਲ ਪੰਜਾਬ ਕਲਾ ਪਰੀਸ਼ਦ ਦੇ ਨੁਮਾਇੰਦੇ ਵਜੋਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਡਾ. ਅਮਰਜੀਤ ਸਿੰਘ, ਮੱਖਣ ਮਾਨ, ਡਾ. ਅਮਰਦੀਪ ਕੌਰ, ਡਾ. ਜਗਦੀਸ਼ ਕੌਰ ਜਿੱਥੇ ਪੰਜਾਬ ਸਾਹਿਤ ਅਕਾਦਮੀ ‘ਚ ਬਤੌਰ ਜਨਰਲ ਕੌਂਸਲ ਮੈਂਬਰ ਨਾਮਜ਼ਦ ਹੋਏ ਹਨ, ਉਥੇ ਹੀ ਉਚੇਚੇ ਤੌਰ ‘ਤੇ ਡਾ. ਗੁਰਮੇਲ ਸਿੰਘ, ਡਾ.ਨਵਰੂਪ ਕੌਰ, ਸਤਪਾਲ ਭੀਖੀ, ਜਸਪਾਲ ਮਾਨਖੇੜਾ, ਅਰਵਿੰਦਰ ਢਿੱਲੋਂ, ਸੰਦੀਪ ਸਿੰਘ ਅਕਾਲ ਯੂਨੀਵਰਸਿਟੀ, ਡਾ. ਨਰੇਸ਼ ਕੁਮਾਰ ਹਿਮਾਚਲ, ਡਾ. ਕੁਲਦੀਪ ਸਿੰਘ ਹਰਿਆਣਾ, ਡਾ.ਪ੍ਰੀਤਮ ਸਿੰਘ ਜੇ.ਕੇ. ਆਦਿ ਨੂੰ ਐਸੋਸੀਏਸ਼ਟ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਨਵੇਂ ਚੁਣੇ ਅਹੁਦੇਦਾਰਾਂ ਨੂੰ, ਕਾਰਜਕਾਰਨੀ ਨੂੰ, ਅਕਾਦਮੀ ਦੇ ਕੌਂਸਲ ਮੈਂਬਰਾਂ ਤੇ ਐਸੋਸੀਏਟ ਮੈਂਬਰਾਂ ਨੂੰ ਡਾ. ਲਖਵਿੰਦਰ ਜੌਹਲ ਅਤੇ ਡਾ. ਸਰਬਜੀਤ ਕੌਰ ਸੋਹਲ ਵਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਵਲੋਂ ਆਉਂਦੇ ਸਮੇਂ ਵਿਚ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ, ਪ੍ਰਚਾਰ ਅਤੇ ਪ੍ਰਸਾਰ ਖਾਤਰ ਉਲੀਕੇ ਜਾਣ ਵਾਲੇ ਸਮਾਗਮਾਂ ‘ਤੇ ਵੀ ਗੰਭੀਰ ਵਿਚਾਰਾਂ ਹੋਈਆਂ, ਜਿਨ੍ਹਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਸਬੰਧੀ, ਭਾਈ ਵੀਰ ਸਿੰਘ ਦੀ 150 ਸਾਲਾ ਜਨਮ ਸ਼ਤਾਬਦੀ ਸਬੰਧੀ ਅਤੇ ਹੋਰ ਵੱਖ-ਵੱਖ ਸਾਹਿਤਕ ਵਿਧਾਵਾਂ ਨਾਲ ਸਬੰਧਤ ਸਮਾਗਮ ਕਰਵਾਉਣ ਸਬੰਧੀ ਵਿਚਾਰਾਂ ਵੀ ਹੋਈਆਂ, ਜਿਨ੍ਹਾਂ ਨੂੰ ਆਉਂਦੇ ਦਿਨਾਂ ਵਿਚ ਛੇਤੀ ਹੀ ਅਮਲੀ ਰੂਪ ਵਿਚ ਸ਼ੁਰੂ ਕੀਤਾ ਜਾਵੇਗਾ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਕਾਰਜਕਾਰਨੀ ਦਾ ਗਠਨ
ਚੰਡੀਗੜ੍ਹ : ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਜਨਰਲ ਕੌਂਸਲ ਦੀ ਪਲੇਠੀ ਮੀਟਿੰਗ ਵਿੱਚ ਅਕਾਦਮੀ ਦੀ ਕਾਰਜਕਾਰਨੀ ਦੀ ਗਠਨ ਹੋਇਆ। ਰੰਗਕਰਮੀ ਕੇਵਲ ਧਾਲੀਵਾਲ ਦੀ ਪ੍ਰਧਾਨਗੀ ਹੇਠ ਪੰਜਾਬ ਕਲਾ ਭਵਨ ਵਿੱਚ ਹੋਈ। ਮੀਟਿੰਗ ਵਿੱਚ ਡਾ. ਨਿਰਮਲ ਜੌੜਾ ਮੀਤ ਪ੍ਰਧਾਨ ਅਤੇ ਪ੍ਰੀਤਮ ਰੁਪਾਲ ਸਕੱਤਰ ਚੁਣੇ ਗਏ। ਇਸ ਮੌਕੇ ਚੁਣੀ ਨਵੀਂ ਕਾਰਜਕਾਰਨੀ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਡਾ. ਸਾਹਿਬ ਸਿੰਘ, ਸ਼੍ਰੀਮਤੀ ਜਸਵੰਤ ਦਮਨ, ਹਰਦਿਆਲ ਥੂਹੀ ਅਤੇ ਰਾਜਾ ਸਿੰਘ ਕਾਰਜਕਾਰਨੀ ਮੈਂਬਰ ਚੁਣੇ ਗਏ। ਮੀਟਿੰਗ ਵਿੱਚ ਕਰਮਜੀਤ ਅਨਮੋਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਸੇਵਕ ਲੰਬੀ, ਲੋਕ ਨਾਚ ਮਾਹਿਰ ਹਰਮਨਜੀਤ ਸਿੰਘ, ਹਰਜਿੰਦਰ ਰੰਗ ਅਤੇ ਰੰਗਕਰਮੀ ਇਕੱਤਰ ਸਿੰਘ ਨੇ ਬਤੌਰ ਮੈਂਬਰ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਯੋਜਨਾ ਤਹਿਤ ਕਲਾਕਾਰਾਂ ਅਤੇ ਰੰਗਕਰਮੀਆਂ ਦਾ ਸਿਹਤ ਬੀਮਾ ਕਰਵਾਉਣ, ਗੁਰੂ ਤੇਗ਼ ਬਹਾਦਰ ਦੇ 400 ਸਾਲ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਪ੍ਰੋਗਰਾਮ ਕਰਨ ਅਤੇ ਸੂਬੇ ਦੇ ਗਰੀਬ, ਬਜ਼ੁਰਗ ਅਤੇ ਲੋੜਵੰਦ ਕਲਾਕਾਰਾਂ ਲਈ ਫੈਲੋਸ਼ਿਪ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ।