ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਗੱਲਬਾਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਜਪਾ ਆਗੂ ਅਤੇ ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ। ਲਗਪਗ ਇਕ ਘੰਟਾ ਤੋਂ ਵੱਧ ਸਮਾਂ ਚੱਲੀ ਇਸ ਮੁਲਾਕਾਤ ਤੋਂ ਬਾਅਦ ਸਾਂਪਲਾ ਨੇ ਮੀਟਿੰਗ ਸਬੰਧੀ ਵੇਰਵੇ ਦੇਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਸਿਰਫ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਹੈ।
ਉਨ੍ਹਾਂ ਮੀਟਿੰਗ ਦੌਰਾਨ ਕਿਸੇ ਸਿਆਸੀ ਮੁੱਦੇ ਤੇ ਕਿਸਾਨ ਮੋਰਚੇ ਬਾਰੇ ਗੱਲਬਾਤ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ ਅਤੇ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ।
ਦੂਜੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਆਖਿਆ ਕਿ ਮੀਟਿੰਗ ਦੌਰਾਨ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ‘ਤੇ ਵਿਚਾਰ ਚਰਚਾ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਬਠਿੰਡਾ ਦੇ ਇਕ ਗੁਰਦੁਆਰੇ ਵਿੱਚ ਸਿੱਖ ਗ੍ਰੰਥੀ ਨੇ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਦੀ ਰਿਹਾਈ ਸਬੰਧੀ ਅਰਦਾਸ ਕੀਤੀ ਸੀ, ਜਿਸ ਦਾ ਸਿੱਖ ਭਾਈਚਾਰੇ ਨੇ ਸਖਤ ਵਿਰੋਧ ਕੀਤਾ ਸੀ ਅਤੇ ਇਸ ਵਿਅਕਤੀ ਖਿਲਾਫ ਪੁਲਿਸ ਨੇ ਕੇਸ ਵੀ ਦਰਜ ਕੀਤਾ ਸੀ। ਕੌਮੀ ਐੱਸਸੀ ਕਮਿਸ਼ਨ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦਿਆਂ ਪੁਲਿਸ ਕੇਸ ਦੀ ਸਥਿਤੀ ਰਿਪੋਰਟ ਮੰਗੀ ਸੀ।
ਪ੍ਰਧਾਨ ਮੰਤਰੀ ਦੇ ਸਿੱਖਾਂ ਨਾਲ ਸਬੰਧਾਂ ਬਾਰੇ ਛਪੀ ਕਿਤਾਬ ਵੰਡੇਗੀ ਭਾਜਪਾ
ਕਿਸਾਨ ਅੰਦੋਲਨ ਕਰਕੇ ਭਾਜਪਾ ਆਗੂਆਂ ਨੂੰ ਪਿੰਡਾਂ ‘ਚ ਜਾਣਾ ਹੋਇਆ ਔਖਾ
ਜਲੰਧਰ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਕਾਰਨ ਹਾਸ਼ੀਏ ‘ਤੇ ਜਾ ਚੁੱਕੀ ਭਾਜਪਾ ਨੂੰ ਪਿੰਡਾਂ ਵਿਚ ਦਾਖਲ ਹੋਣਾ ਔਖਾ ਹੋਇਆ ਪਿਆ ਹੈ। ਖੇਤੀ ਬਿੱਲਾਂ ਦੇ ਵਿਰੋਧ ਕਾਰਨ ਭਾਜਪਾ ਆਗੂ ਪਿੰਡਾਂ ਵਿੱਚ ਜਾਣ ਦਾ ਹੌਸਲਾ ਨਹੀਂ ਦਿਖਾ ਰਹੇ। ਇਸ ਦਾ ਤੋੜ ਲੱਭਦਿਆਂ ਪੰਜਾਬ ਵਿਚ ਸਿਆਸੀ ਤੌਰ ‘ਤੇ ਪੈਰ ਜਮਾਉਣ ‘ਚ ਲੱਗੀ ਭਾਜਪਾ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਸਰਕਾਰ ਦਾ ਸਿੱਖ ਭਾਈਚਾਰੇ ਨਾਲ ਖਾਸ ਰਿਸ਼ਤਾ’ ਨਾਂ ਦੀ ਕਿਤਾਬ 117 ਵਿਧਾਨ ਸਭਾ ਹਲਕਿਆਂ ਵਿੱਚ ਲੈ ਕੇ ਜਾਵੇਗੀ।
ਹਰ ਹਲਕੇ ਵਿਚ 150 ਕਿਤਾਬਾਂ ਵੰਡੀਆਂ ਜਾਣਗੀਆਂ। ਇਸ ਕਿਤਾਬ ਨੂੰ ਭਾਜਪਾ ਦੇ ਆਗੂ ਸਿੱਖ ਪਰਿਵਾਰਾਂ ਤੱਕ ਪਹੁੰਚਾਉਣ ਲਈ ਹਰ ਵਿਧਾਨ ਸਭਾ ਹਲਕੇ ਨੂੰ ਚਾਰ ਜ਼ੋਨਾਂ ਵਿਚ ਵੰਡਣਗੇ ਤੇ ਹਰ ਜ਼ੋਨ ਦਾ ਇਕ ਇੰਚਾਰਜ ਬਣਾ ਕੇ ਉਸ ਨੂੰ ਕਿਤਾਬ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਭਾਜਪਾ ਦੇ ਸੂਬਾ ਸਕੱਤਰ ਅਰਵਿੰਦ ਮਿੱਤਲ ਨੇ ਦੱਸਿਆ ਕਿ ਇਸ ਪੁਸਤਕ ਵਿਚ ਕੇਂਦਰ ‘ਚ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਭਾਜਪਾ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿਚ ਸਿੱਖ ਭਾਈਚਾਰੇ ਲਈ ਜੋ ਵਿਸ਼ੇਸ਼ ਕਦਮ ਉਠਾਏ ਗਏ ਹਨ ਉਨ੍ਹਾਂ ਦਾ ਉਚੇਚਾ ਜ਼ਿਕਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਐੱਫਸੀਆਰਏ ਰਜਿਸਟ੍ਰੇਸ਼ਨ ਕਰਵਾਉਣ ‘ਚ ਮੁੱਖ ਭੂਮਿਕਾ ਨਿਭਾਈ ਗਈ ਹੈ ਤਾਂ ਜੋ ਵਿਦੇਸ਼ਾਂ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਫੰਡ ਆ ਸਕਣ। ਇਸੇ ਤਰ੍ਹਾਂ ਲੰਗਰ ਦੀ ਰਸਦ ‘ਤੇ ਲੱਗਣ ਵਾਲੇ ਸਾਰੇ ਟੈਕਸਾਂ ਤੋਂ ਛੋਟ ਦਿੱਤੀ ਗਈ ਹੈ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਦੇ ਦੇਸ਼ਾਂ ਵਿਚ ਬਣੀਆਂ ਭਾਰਤੀ ਅੰਬੈਸੀਆਂ ਵਿਚ ਮਨਾਇਆ ਗਿਆ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਕੇਂਦਰ ਸਰਕਾਰ ਨੇ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਕਾਲੀ ਸੂਚੀ ਵਿਚੋਂ ਸਿੱਖ ਭਾਈਚਾਰੇ ਦੇ ਨਾਂ ਕੱਟੇ ਗਏ ਹਨ ਤਾਂ ਜੋ ਉਹ ਆਪਣੇ ਦੇਸ਼ ਆ ਸਕਣ ਤੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ।
ਇਸ ਕਿਤਾਬ ਵਿਚ 1984 ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਮੁੱਖ ਭੂਮਿਕਾ ਨਿਭਾਉਣ ਬਾਰੇ ਉਚੇਚਾ ਜ਼ਿਕਰ ਕੀਤਾ ਗਿਆ ਹੈ। ਪੰਜਾਬ ਦੀ ਖੁਸ਼ਹਾਲੀ ਨੂੰ ਵਧਾਉਣ ਵਿਚ ਹਰ ਸੰਭਵ ਪੈਕੇਜ ਦੇਣ ਅਤੇ ਇਸ ਵਿਚ ਤੇਜ਼ੀ ਲਿਆਉਣ ‘ਚ ਭੂਮਿਕਾ ਨਿਭਾਉਣ, ਗੁਆਂਢੀ ਦੇਸ਼ ਪਾਕਿਸਤਾਨ ‘ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਤਾਲਮੇਲ ਵਧਾਉਣ ਅਤੇ ਜੰਮੂ ਕਸ਼ਮੀਰ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਜ਼ਿਕਰ ਕੀਤਾ ਗਿਆ ਹੈ। ਜਲੰਧਰ ਵਿਚ ਇਹ ਕਿਤਾਬ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਵਿਚ ਲੋਕ ਅਰਪਣ ਕੀਤੀ ਗਈ।