Breaking News
Home / ਪੰਜਾਬ / ਮਨਕੀਰਤ ਸਿੰਘ ਦੀ ਕਰੋਨਾ ਕਾਲ ‘ਚ ਚਲੇ ਗਈ ਨੌਕਰੀ, ਫਿਰ ਵੀ ਨਹੀਂ ਰੁਕਣ ਦਿੱਤਾ ਕੰਮ

ਮਨਕੀਰਤ ਸਿੰਘ ਦੀ ਕਰੋਨਾ ਕਾਲ ‘ਚ ਚਲੇ ਗਈ ਨੌਕਰੀ, ਫਿਰ ਵੀ ਨਹੀਂ ਰੁਕਣ ਦਿੱਤਾ ਕੰਮ

ਸੋਨੇ ਵਾਲੀ ਸਿਆਹੀ ਨਾਲ ਲਿਖ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ
ਭਗਤਾ ਭਾਈਕਾ/ਬਿਊਰੋ ਨਿਊਜ਼ : ਮਨਕੀਰਤ ਸਿੰਘ ਦਾ ਅਰਥ ਹੈ ਮਨ ਲਾ ਕੇ ਕਿਰਤ ਯਾਨੀ ਕੰਮ ਕਰਨ ਵਾਲਾ। ਭਗਤਾ ਭਾਈਕਾ ਦੇ ਗੁਰਸਿੱਖ ਮਨਕੀਰਤ ਸਿੰਘ ਆਪਣੇ ਨਾਂ ਨੂੰ ਗੁਰੂ ਦੀ ਸੇਵਾ ਨਾਲ ਸਾਰਥਕ ਕਰ ਰਹੇ ਹਨ। ਉਹ ਸੋਨਾ ਮਿਸ਼ਰਤ ਸਿਆਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਹਨ।
ਉਨ੍ਹਾਂ ਨੇ ਸਾਲ 2018 ਵਿਚ ਇਹ ਪਵਿੱਤਰ ਕਾਰਜ ਸ਼ੁਰੂ ਕੀਤਾ ਸੀ। ਉਦੋਂ ਉਹ ਨਿੱਜੀ ਸਕੂਲ ਵਿਚ ਅਧਿਆਪਕ ਸਨ। ਉਹ ਆਪਣੀ ਤਨਖਾਹ ਇਸੇ ਸੇਵਾ ਵਿਚ ਲਗਾ ਰਹੇ ਸਨ, ਪਰ ਕਰੋਨਾ ਕਾਰਨ ਤਨਖਾਹ ਮਿਲਣੀ ਬੰਦ ਹੋਈ ਤਾਂ ਨੌਕਰੀ ਛੱਡਣੀ ਪਈ, ਪਰ ਉਨ੍ਹਾਂ ਦੀ ਲਗਨ ‘ਤੇ ਕੋਈ ਅਸਰ ਨਹੀਂ ਪਿਆ। ਹੁਣ ਮਨਕੀਰਤ ਸਿੰਘ ਆੜ੍ਹਤ ਦਾ ਕੰਮ ਕਰਦੇ ਹਨ ਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਇਸੇ ਕੰਮ ਵਿਚ ਲਾ ਦਿੰਦੇ ਹਨ। ਇਸ ਕੰਮ ਲਈ ਉਨ੍ਹਾਂ ਨੂੰ ਕੁਝ ਲੋਕਾਂ ਦਾ ਸਹਿਯੋਗ ਵੀ ਮਿਲਦਾ ਰਿਹਾ, ਪਰ ਕਰੋਨਾ ਕਾਲ ਵਿਚ ਇਹ ਸਹਾਇਤਾ ਵੀ ਬੰਦ ਹੋ ਗਈ। ਦੂਜੀ ਵੱਡੀ ਮੁਸ਼ਕਿਲ ਲਿਖਣ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਲੈ ਕੇ ਰਹੀ। ਇਹ ਸਮਾਨ ਉਨ੍ਹਾਂ ਨੂੰ ਲਖਨਊ, ਦਿੱਲੀ, ਰਾਜਸਥਾਨ ਤੇ ਕਸ਼ਮੀਰ ਤੋਂ ਮੰਗਵਾਉਣਾ ਪੈਂਦਾ ਹੈ, ਪਰ ਕਰੋਨਾ ਦੀਆਂ ਪਾਬੰਦੀਆਂ ਕਾਰਨ ਬਾਜ਼ਾਰ ਬੰਦ ਰਹੇ। ਇਸ ਲਈ ਇਹ ਸਾਮਾਨ ਮੰਗਵਾਉਣ ਵਿਚ ਪਰੇਸ਼ਾਨੀ ਆਈ। ਹਾਲਾਂਕਿ ਕੁਝ ਸਾਮਾਨ ਸਥਾਨਕ ਪੱਧਰ ‘ਤੇ ਵੀ ਉਹ ਇਕੱਠਾ ਕਰ ਲੈਂਦੇ ਹਨ।
ਮਨਕੀਰਤ ਸਿੰਘ ਮੁਤਾਬਕ ਇਸ ਪਵਿੱਤਰ ਕਾਰਜ ਨੂੰ ਪੂਰਾ ਕਰਨ ਵਿਚ ਕਰੀਬ 30 ਤੋਂ 35 ਲੱਖ ਰੁਪਏ ਖਰਚਾ ਆਵੇਗਾ ਤੇ ਅਜੇ ਪੰਜ ਸਾਲ ਹੋਰ ਲੱਗਣਗੇ। ਉਹ ਕਹਿੰਦੇ ਹਨ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਏਨੇ ਵੱਡੇ ਖਰਚ ਦਾ ਇੰਤਜ਼ਾਮ ਕਿਸ ਤਰ੍ਹਾਂ ਹੋਵੇਗਾ, ਪਰ ਮੈਂ ਇਹ ਸੇਵਾ ਹਰ ਹਾਲ ਵਿਚ ਪੂਰੀ ਕਰਾਂਗਾ। ਜਦੋਂ ਤੱਕ ਵਾਹਿਗੂਰੂ ਦਾ ਹੱਥ ਮੇਰੇ ਸਿਰ ‘ਤੇ ਰਹੇਗਾ ਮੈਨੂੰ ਕੋਈ ਚਿੰਤਾ ਨਹੀਂ। ਸੰਗੀਤ ਦੇ ਵਿਸ਼ੇ ਵਿਚ ਮਾਸਟਰ ਡਿਗਰੀ ਹਾਸਲ ਕਰਨ ਵਾਲੇ ਮਨਕੀਰਤ ਸਿੰਘ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਇਸ ਲਈ ਪ੍ਰੇਰਣਾ ਕਿਥੋਂ ਮਿਲੀ ਤਾਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਅਕਤੀਆਂ ਨੇ ਪ੍ਰੇਰਿਤ ਕੀਤਾ। ਖਾਸ ਕਰਕੇ ਉਨ੍ਹਾਂ ਦੇ ਉਸਤਾਦ ਕੁਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਫੀ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਬਹੁਤ ਸਕੂਨ ਮਿਲਦਾ ਹੈ। ਗੁਰੂ ਸਾਹਿਬ ਦੇ ਚਰਨਾਂ ਵਿਚ ਬੈਠਣ ਵਰਗਾ ਅਹਿਸਾਸ ਹੁੰਦਾ ਹੈ।
ਰੋਜ਼ ਛੇ-ਸੱਤ ਘੰਟੇ ‘ਚ ਲਿਖਦੇ ਹਨ ਇਕ ਪੰਨਾ
ਮਨਕੀਰਤ ਸਿੰਘ ਹੁਣ ਤੱਕ 250 ਅੰਗ (ਪੰਨੇ) ਲਿਖ ਚੁੱਕੇ ਹਨ। ਰੋਜ਼ ਛੇ ਤੋਂ ਸੱਤ ਘੰਟੇ ਉਹ ਏਸੇ ਕੰਮ ਵਿਚ ਲਾਉਂਦੇ ਹਨ ਤਾਂ ਜਾ ਕੇ ਦਿਨ ਵਿਚ ਇਕ ਪੰਨਾ ਲਿਖਣਾ ਸੰਭਵ ਹੁੰਦਾ ਹੈ। ਲਿਖਾਵਟ ਲਈ ਖਾਸ ਕਿਸਮ ਦੀ ਕਲਮ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਲੱਕੜ ਵਿਜਯਸਰ ਪੌਦੇ ਤੋਂ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਪੰਨੇ ਹਨ। ਇਸ ਤੋਂ ਇਲਾਵਾ 30 ਪੰਨੇ ਵੱਖਰੇ ਤੌਰ ‘ਤੇ ਲਿਖਣਗੇ। ਇਕ ਪੰਨੇ ‘ਤੇ ਕਰੀਬ 700 ਰੁਪਏ ਤੋਂ ਇਕ ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਉਧਰ ਇਹ ਕੰਮ ਪੂਰਾ ਹੋ ਜਾਣ ਪਿੱਛੋਂ ਜਿਲਦ ਵੀ ਸੋਨੇ ਦੀ ਬਣਵਾਈ ਜਾਵੇਗੀ, ਜਿਸ ਵਿਚ ਕਰੀਬ ਚਾਰ ਤੋਂ ਪੰਜ ਸੌ ਗ੍ਰਾਮ ਸੋਨੇ ਦੀ ਵਰਤੋਂ ਹੋਵੇਗੀ।
ਇਸ ਤਰ੍ਹਾਂ ਤਿਆਰ ਹੁੰਦੀ ਹੈ ਸਿਆਹੀ
ਮਨਕੀਰਤ ਸਿੰਘ ਨੇ ਦੱਸਿਆ ਕਿ ਲਿਖਣ ਵਿਚ ਖਾਸ ਕਿਸਮ ਦੀ ਸਿਆਹੀ ਦੀ ਵਰਤੋਂ ਹੁੰਦੀ ਹੈ। ਇਸ ਲਈ ਸੋਨਾ ਤੇ ਲਾਜਵਰਦ (ਨੀਲੇ ਰੰਗ ਦਾ ਕੀਮਤੀ ਪੱਥਰ) ਬਰਾਬਰ ਮਾਤਰਾ ਵਿਚ ਮਿਲਾਉਂਦੇ ਹਨ। ਇਸ ਤੋਂ ਬਾਅਦ ਕਿੱਕਰ ਦੀ ਗੂੰਦ ਤੇ ਵਿਜਯਸਾਰ ਦੀ ਲੱਕੜ ਦੇ ਪਾਣੀ ਦੇ ਮਿਸ਼ਰਣ ਨੂੰ ਤਾਂਬੇ ਦੇ ਭਾਂਡੇ ਵਿਚ ਪਾ ਕੇ ਨਿੰਮ ਦੀ ਲੱਕੜ ਨਾਲ ਸਿਆਹੀ ਤਿਆਰ ਕੀਤੀ ਜਾਂਦੀ ਹੈ। ਭ੍ਰਿੰਗਰਾਜ ਸਮੇਤ ਹੋਰ ਸਾਮਾਨ ਪਾ ਕੇ ਇਸ ਦੀ ਕਰੀਬ 20 ਦਿਨ ਰਗੜਾਈ ਕਰਨੀ ਪੈਂਦੀ ਹੈ। ਸਿਆਹੀ ਦਾ ਰੰਗ ਕਾਲਾ ਹੀ ਰਹਿੰਦਾ ਹੈ, ਪਰ ਸੋਨਾ ਗਲਿਆ ਹੋਣ ਨਾਲ ਘੱਟ ਰੋਸ਼ਨੀ ਵਿਚ ਵੀ ਅੱਖਰ ਚਮਕਣ ਲੱਗਦੇ ਹਨ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …