Breaking News
Home / ਭਾਰਤ / ਪੱਛਮੀ ਬੰਗਾਲ ‘ਚ ਕਿਸਾਨਾਂ ਨੇ ਭਾਜਪਾ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਰੱਖਿਆ ਦੂਰ

ਪੱਛਮੀ ਬੰਗਾਲ ‘ਚ ਕਿਸਾਨਾਂ ਨੇ ਭਾਜਪਾ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਰੱਖਿਆ ਦੂਰ

ਕਿਸਾਨਾਂ-ਮਜ਼ਦੂਰਾਂ ਦਾ ਰੋਹ ਭਾਜਪਾ ਦੀ ਹਾਰ ਦਾ ਕਾਰਨ ਬਣਿਆ : ਕਿਸਾਨ ਆਗੂ
ਨਵੀਂ ਦਿੱਲੀ : ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੇ ਰੋਹ ਕਾਰਨ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਰਾਹੀਂ ਮੰਡੀ ਪ੍ਰਣਾਲੀ ਨੂੰ ਖਤਮ ਕਰਨ, ਕਾਰਪੋਰੇਟਾਂ ਨੂੰ ਸਟਾਕ ਦੀ ਖੁੱਲ੍ਹੀ ਛੋਟ ਦੇਣ ਤੇ ਜ਼ਮੀਨਾਂ ‘ਤੇ ਕਾਰਪੋਰੇਟਾਂ ਵੱਲੋਂ ਕਬਜ਼ਾ ਕਰਨ ਦੀ ਨੀਅਤ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਪੱਛਮੀ ਬੰਗਾਲ ਵਿਚ ਭਾਜਪਾ ਖਿਲਾਫ ਪ੍ਰਚਾਰ ਕੀਤਾ ਸੀ ਅਤੇ ਭਾਜਪਾ ਉਥੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਨਹੀਂ ਕਰ ਸਕੀ ਅਤੇ ਉਥੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘ਕਿਸਾਨਾਂ ਨੂੰ ਐਮਐੱਸਪੀ ਨਾ ਮਿਲਣ ਕਾਰਨ ਅਤੇ ਐਮਐਸੱਪੀ ਦੇ ਨਾਮ ‘ਤੇ ਝੂਠ ਫੈਲਾਉਣ ਕਾਰਨ ਇਨ੍ਹਾਂ ਚੋਣਾਂ ‘ਚ ਕਿਸਾਨਾਂ ਨੇ ਆਪਣਾ ਗੁੱਸਾ ਦਿਖਾਇਆ ਹੈ। ਇਸ ਦੇ ਨਾਲ ਹੀ ਮਜ਼ਦੂਰ ਵਰਗ ਨੇ ਵੀ ਵੋਟ ਦੀ ਚੋਟ ਨਾਲ ਭਾਜਪਾ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਲੇਬਰ ਕੋਡ ਦੇ ਜ਼ਰੀਏ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਗ਼ੁਲਾਮ ਬਣਾਉਣਾ ਚਾਹੁੰਦੀ ਹੈ। ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰਨ ਦਾ ਫੈਸਲਾ ਮਜ਼ਦੂਰਾਂ ਨੂੰ ਮਨਜ਼ੂਰ ਨਹੀਂ ਹੈ। ਵਰਕਰਾਂ ਨੇ ਪੀਡੀਐੱਸ ਨੂੰ ਬੰਦ ਕਰਨ ਦੇ ਖ਼ਦਸ਼ਿਆਂ ਕਾਰਨ ਭਾਜਪਾ ਸਰਕਾਰ ਵਿਰੁੱਧ ਵੋਟ ਦਿੱਤੀ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘ਤਕਨੀਕੀ ਅਤੇ ਨੀਤੀਗਤ ਪੱਧਰ ਉਤੇ ਸਿਸਟਮ ਬਣਾਉਣ ਦੀ ਬਜਾਏ ਸਰਕਾਰਾਂ ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਲਗਾ ਕੇ ਲੋਕਾਂ ‘ਤੇ ਪਾਬੰਦੀਆਂ ਲਾ ਰਹੀਆਂ ਹਨ।’ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਭਾਜਪਾ ਨੂੰ ਕਿਸਾਨਾਂ ਪ੍ਰਤੀ ਕੂੜ-ਪ੍ਰਚਾਰ ਕਰਨ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਚੋਣਾਂ ਦੀ ਭਾਸ਼ਾ ਨੂੰ ਸਮਝਦੀ ਹੈ ਤੇ ਇਸ ਲਈ ਕਿਸਾਨਾਂ ਨੇ ਭਾਜਪਾ ਵਿਰੁੱਧ ਮੁਹਿੰਮ ਚਲਾਈ। ਇਹ ਸਯੁੰਕਤ ਕਿਸਾਨ ਮੋਰਚੇ ਵਿੱਚ ਦੇਸ਼ ਦੇ ਲੋਕਾਂ ਦੇ ਵਿਸ਼ਵਾਸ ਤੇ ਕਿਸਾਨਾਂ ਪ੍ਰਤੀ ਸਤਿਕਾਰ ਦਾ ਨਤੀਜਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਲਈ ਸਹਿਮਤ ਨਹੀਂ ਹੁੰਦੀ ਹੈ ਤਾਂ ਦੇਸ਼ ਦੇ ਹਰ ਹਿੱਸੇ ਵਿਚ ਵਿਰੋਧ ਕੀਤਾ ਜਾਵੇਗਾ।
ਭਾਜਪਾ ਨੂੰ ਹਰਾਉਣ ਦਾ ਮੁੱਢ ਬੱਝਿਆ: ਰਾਮੂਵਾਲੀਆ
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਨੂੰ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਜਿੱਤ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਹੈ ਕਿ ਇਸ ਜਿੱਤ ਨਾਲ ਦੇਸ਼ ਵਿੱਚ ਗ਼ੈਰ-ਭਾਜਪਾ ਰਾਜਨੀਤਕ ਪਾਰਟੀਆਂ ਵੱਲੋਂ ਭਾਜਪਾ ਨੂੰ ਦੇਸ਼ ਭਰ ਵਿੱਚ ਹਰਾਉਣ ਦਾ ਮੁੱਢ ਬੱਝ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ (ਜੋ ਗ਼ੈਰ-ਰਾਜਨੀਤਕ ਹਨ) ਤੋਂ ਇਲਾਵਾ ਪੰਜਾਬ ਦੇ ਸਮੁੱਚੇ ਰਾਜਨੀਤਕ ਨੇਤਾਵਾਂ ਵਿੱਚੋਂ ਉਹ ਇੱਕੋ ਇੱਕ ਨੇਤਾ ਹਨ ਜਿਨ੍ਹਾਂ ਨੇ ਮਮਤਾ ਬੈਨਰਜੀ ਦੀ ਮਦਦ ਹਿੱਤ ਅੱਠ ਦਿਨ ਲਈ ਬੰਗਾਲ ਵਿਚ ਪ੍ਰਚਾਰ ਮੁਹਿੰਮ ਚਲਾਈ।
ਜਨਤਾ ਨੇ ਕਿਸਾਨ ਅੰਦੋਲਨ ਦੇ ਹੱਕ ‘ਚ ਦਿੱਤਾ ਫਤਵਾ : ਰਾਜੇਵਾਲ
ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਈ ਦਿਨਾਂ ਬਾਅਦ 32 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਪੰਜ ਰਾਜਾਂ ਦੇ ਆਏ ਚੋਣ ਨਤੀਜਿਆਂ ਤੋਂ ਬਾਅਦ ਸੰਬੋਧਨ ਕੀਤਾ। ਮੋਰਚੇ ਦੇ ਆਗੂਆਂ ਨੇ ਭਾਜਪਾ ਦੇ ਹਾਰਨ ਦੀ ਖੁਸ਼ੀ ਵਿੱਚ ਲੱਡੂ ਵੰਡੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਰਾਹੀਂ ਚੋਣਾਂ ਵਾਲੇ ਸੂਬਿਆਂ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਉਨ੍ਹਾਂ ਮੋਦੀ ਤੇ ਭਾਜਪਾ ਨੂੰ ਮਾਤ ਦੇ ਕੇ ਦੇਸ਼ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਅਜੇ ਵੀ ਸਮਾਂ ਹੈ ਕਿ ਉਹ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈ ਲਏ। ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਨੇ ਭਾਜਪਾ ਨੂੰ ਮਾਤ ਦੇਣ ਲਈ ਪੱਛਮੀ ਬੰਗਾਲ, ਕੇਰਲਾ, ਤਮਿਲਨਾਡੂ ਦੇ ਲੋਕਾਂ ਦਾ ਧੰਨਵਾਦ ਕੀਤਾ।

 

Check Also

ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ

  ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …