ਸੀਤਾਰਾਮ ਯੇਚੁਰੀ ਦੇ ਪੁੱਤਰ ਅਸ਼ੀਸ਼ ਦੀ ਕਰੋਨਾ ਕਾਰਨ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਭਾਰਤ ਵਿਚ ਕਰੋਨਾ ਦੇ ਮਾਮਲੇ ਵਧਣ ਤੇ ਮਰੀਜ਼ਾਂ ਨੂੰ ਆਕਸੀਜਨ ਤੇ ਦਵਾਈਆਂ ਦੀ ਸਪਲਾਈ ਨਾ ਮਿਲਣ ‘ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਜ਼ੋਰ ਦਿੱਤਾ ਕਿ ਆਕਸੀਜਨ ਸਪਲਾਈ, ਜ਼ਰੂਰੀ ਦਵਾਈਆਂ ਤੇ ਟੀਕਿਆਂ ਦੀ ਸਪਲਾਈ ਲਈ ਦੇਸ਼ ਭਰ ਵਿਚ ਕੌਮੀ ਪਾਲਸੀ ਬਣਨੀ ਚਾਹੀਦੀ ਹੈ। ਇਸੇ ਦੌਰਾਨ ਸੀਪੀਆਈ ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ 34 ਸਾਲਾ ਪੁੱਤਰ ਅਸ਼ੀਸ਼ ਦੀ ਕਰੋਨਾ ਕਾਰਨ ਅੱਜ ਮੌਤ ਹੋ ਗਈ। ਅਸ਼ੀਸ਼ ਪੇਸ਼ੇ ਵਜੋਂ ਪੱਤਰਕਾਰ ਸੀ ਤੇ ਉਹ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਕਰੋਨਾ ਕਾਰਨ ਭਰਤੀ ਸੀ। ਇਸੇ ਤਰ੍ਹਾਂ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਸਰਕਾਰ ‘ਚ ਸਿਹਤ ਮੰਤਰੀ ਰਹੇ ਡਾ. ਅਸ਼ੋਕ ਕੁਮਾਰ ਵਾਲੀਆ ਦੀ ਵੀ ਕਰੋਨਾ ਕਰਕੇ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਰਾਜਸੀ ਆਗੂਆਂ ਨੇ ਸੀਤਾਰਾਮ ਯੇਚੁਰੀ ਦੇ ਪੁੱਤਰ ਅਸ਼ੀਸ਼ ਅਤੇ ਡਾ. ਅਸ਼ੋਕ ਕੁਮਾਰ ਵਾਲੀਆ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।