ਇਮੀਗ੍ਰੇਸ਼ਨ ਲਈ ਹਰੇਕ ਦੂਸਰੇ ਹਫ਼ਤੇ ਨਿਕਲੇਗੀ ਲਾਟਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਵਿਦੇਸ਼ਾਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਦਾ ਲੰਘੇ ਸਾਲਾਂ ਨਾਲੋਂ 2021 ਇੱਕ ਢੁੱਕਵਾਂ ਸਾਲ ਰਹਿਣ ਦੀ ਸੰਭਾਵਨਾ ਹੈ। ਕੈਨੇਡਾ ‘ਚ ਪਹੁੰਚੇ ਹੋਏ ਵਿਦੇਸ਼ੀ ਵਿਅਕਤੀਆਂ ਨੂੰ ਵੀ ਇਸੇ ਸਾਲ ਦੌਰਾਨ ਪੱਕੇ ਹੋਣ ਦੇ ਕਈ ਮੌਕੇ ਮਿਲਣ ਦਾ ਸਬੱਬ ਬਣਦਾ ਜਾ ਰਿਹਾ ਹੈ। ਪੱਕੀ ਇਮੀਗ੍ਰੇਸ਼ਨ ਨਾਲ ਕੈਨੇਡਾ ‘ਚ ਜਾ ਕੇ ਵਸੇਬਾ ਕਰਨ ਲਈ ਐਕਸਪ੍ਰੈੱਸ ਐਂਟਰੀ (ਕੈਨੇਡਾ ‘ਚ ਜਾਣ ਦੇ ਚਾਹਵਾਨ ਵਿਦੇਸ਼ੀ ਉਮੀਦਵਾਰਾਂ ਦਾ ਯੋਗਤਾ ਆਧਾਰਿਤ ਪੂਲ) ‘ਚੋਂ ਹਰੇਕ ਦੂਸਰੇ ਹਫ਼ਤੇ ਡਰਾਅ (ਲਾਟਰੀ) ਕੱਢਣ ਦਾ ਸਿਲਸਿਲਾ ਲੰਘੇ ਸਾਲ ਦੀ ਤਰ੍ਹਾਂ 2021 ਦੌਰਾਨ ਵੀ ਜਾਰੀ ਰਹੇਗਾ। ਪਿਛਲੇ ਹਫ਼ਤੇ, ਇਸ ਸਾਲ ਦੇ ਪਹਿਲੇ ਡਰਾਅ ‘ਚ ਐਕਸਪ੍ਰੈੱਸ ਐਂਟਰੀ ਦੇ 4750 ਉਮੀਦਵਾਰਾਂ ਨੂੰ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀ.ਈ.ਸੀ.) ਤਹਿਤ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਡਰਾਅ ‘ਚ 461 ਜਾਂ ਇਸ ਤੋਂ ਵੱਧ ਸੀ.ਆਰ.ਐਸ. ਸਕੋਰ ਵਾਲੇ ਉਮੀਦਵਾਰਾਂ ਦੀ ਵੀ ਚੋਣ ਹੋਈ ਹੈ। 2020 ‘ਚ ਤਾਂ ਇਕ ਸਮੇਂ ਇਹ ਸਕੋਰ 415 ਤੱਕ ਡਿੱਗਿਆ ਸੀ ਤੇ ਸਾਰੇ ਸਾਲ ਦੌਰਾਨ 107350 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ। ਇਸੇ ਦੌਰਾਨ ਕੈਨੇਡਾ ਦੇ ਰਾਜਾਂ ਵਲੋਂ ਪ੍ਰੋਵਿੰਸ਼ੀਅਲ ਨਾਮੀਨੀ (ਪੀ.ਐਨ.ਪੀ) ਤਹਿਤ ਵੀ ਇਸ ਸਾਲ ਦੇ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚ ਕੈਨੇਡਾ ‘ਚ ਪੜ੍ਹਾਈ ਕਰਕੇ ਵਰਕ ਪਰਮਿਟ ਲੈ ਚੁੱਕੇ ਢੁਕਵੇਂ ਉਮੀਦਵਾਰਾਂ ਨੂੰ ਪੱਕੇ ਹੋਣ ਦਾ ਮੌਕਾ ਮਿਲ ਰਿਹਾ ਹੈ। ਸਟੱਡੀ ਪਰਮਿਟ ਦੇ ਨਾਲ-ਨਾਲ ਪੱਕੇ ਵੀਜ਼ੇ ਵੀ ਜਾਰੀ ਕੀਤੇ ਜਾ ਰਹੇ ਹਨ। ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਦੇਸ਼ਾਂ ‘ਚ ਰਹਿੰਦੇ ਹੋਏ ਕੈਨੇਡੀਅਨ ਵਿੱਦਿਅਕ ਅਦਾਰੇ ‘ਚ ਆਨਲਾਈਨ ਪੜ੍ਹਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਅਪ੍ਰੈਲ 2021 ਤੱਕ ਕੈਨੇਡਾ ‘ਚ ਪੁੱਜ ਕੇ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਵਰਕ ਪਰਮਿਟ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਕੈਨੇਡਾ ਵਲੋਂ 2021 ‘ਚ 401000 ਇਮੀਗ੍ਰਾਂਟਾਂ ਦਾ ਟੀਚਾ ਮਿਥਿਆ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਦੇਸ਼ ਅੰਦਰ ਅਤੇ ਵਿਦੇਸ਼ਾਂ ਤੋਂ ਐਕਸਪ੍ਰੈੱਸ ਐਂਟਰੀ ਦੇ ਉਮੀਦਵਾਰਾਂ ਨੂੰ ਹਰੇਕ ਦੂਸਰੇ ਹਫ਼ਤੇ ਮੌਕਾ ਮਿਲੇਗਾ। ਇਹ ਵੀ ਕਿ ਹਰੇਕ ਉਮੀਦਵਾਰ ਨੂੰ ਉਸ (ਨੌਜਵਾਨ) ਉਮਰ, ਪੜ੍ਹਾਈ, ਕਿੱਤੇ ਦੇ ਤਜਰਬੇ ਅਤੇ ਅੰਗਰੇਜ਼ੀ ਦੇ ਗਿਆਨ (ਉੱਚੇ ਸਕੋਰ) ਸਦਕਾ ਮੌਕੇ ਮਿਲਣਗੇ। ਐਲ.ਐਮ.ਆਈ.ਏ. ਖ਼ਰੀਦ ਤੋਂ ਬਿਨਾਂ ਹੀ ਨੌਜਵਾਨ ਮੁੰਡੇ-ਕੁੜੀਆਂ ਆਪਣੀ ਯੋਗਤਾ ਬਣਾ ਕੇ ਸ਼ਾਨ ਨਾਲ ਪੱਕੇ ਹੋ ਰਹੇ ਹਨ। ਐਕਸਪ੍ਰੈੱਸ ਐਂਟਰੀ ਦਾ ਡਰਾਅ ਨਿਕਲਣ ਤੋਂ ਬਾਅਦ ਭਰੀ ਜਾਂਦੀ ਪੱਕੀ ਇਮੀਗ੍ਰੇਸ਼ਨ ਦੀ ਅਰਜ਼ੀ ਦਾ ਆਮ ਤੌਰ ‘ਤੇ ਫ਼ੈਸਲਾ ਛੇ ਕੁ ਮਹੀਨਿਆਂ ‘ਚ ਹੋ ਜਾਂਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …