ਜਲੰਧਰ ‘ਚ ਲੋਕ ਰੋਹ ਕਾਰਨ ‘ਪਿਛਲੇ’ ਗੇਟ ਰਾਹੀਂ ਨਿਕਲੇ ਭਾਜਪਾ ਆਗੂ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜਲੰਧਰ ‘ਚ ਇੱਕ ਮੈਰਿਜ ਪੈਲੇਸ ਵਿੱਚ ਰੱਖੇ ‘ਮੰਡਲ ਅਭਿਆਸ ਵਰਗ’ ਸਮਾਗਮ ਦਾ ਕਿਸਾਨਾਂ ਤੇ ਮਜ਼ਦੂਰਾਂ ਨੇ ਡਟ ਕੇ ਵਿਰੋਧ ਕੀਤਾ। ਖੇਤੀ ਕਾਨੂੰਨਾਂ ਖਿਲਾਫ ਲੋਕਾਂ ਵੱਲੋਂ ਕੀਤੇ ਵਿਰੋਧ ਕਾਰਨ ਭਾਜਪਾ ਆਗੂਆਂ ਨੂੰ ਪੈਲੇਸ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢਣਾ ਪਿਆ। ਭਾਜਪਾ ਦੇ ਇਸ ਸਮਾਗਮ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੀ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ‘ਚ ਆਪਣੇ ਬਲਬੂਤੇ ਸਰਕਾਰ ਬਣਾਏਗੀ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਢਿੱਲਵਾਂ ਰੋਡ ‘ਤੇ ਪੈਂਦੇ ਇੱਕ ਪੈਲੇਸ ਵਿੱਚ ਭਾਜਪਾ ਵੱਲੋਂ ਸਮਾਗਮ ਕੀਤਾ ਜਾ ਰਿਹਾ ਸੀ। ਇਸ ਦੀ ਭਿਣਕ ਜਿਉਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਈ ਤਾਂ ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ‘ਚ ਇਕੱਠੇ ਹੋ ਗਏ। ਪੈਲੇਸ ਦੁਆਲੇ ਕਮਿਸ਼ਨਰੇਟ ਪੁਲਿਸ ਨੇ ਪਹਿਲਾਂ ਹੀ ਵੱਡੀ ਗਿਣਤੀ ‘ਚ ਪੁਲਿਸ ਜਵਾਨ ਤਾਇਨਾਤ ਕੀਤੇ ਹੋਏ ਸਨ।
ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਬਣਾ ਕੇ ਪੰਜਾਬ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰਨ ਤੇ ਭਾਜਪਾ ਲੀਡਰਸ਼ਿਪ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਫ਼ਾਇਦੇ ਸਮਝਾਉਣ ਤੋਂ ਖ਼ਫ਼ਾ ਕਿਸਾਨਾਂ ਤੇ ਮਜ਼ਦੂਰਾਂ ਨੇ ਪੈਲੇਸ ਦੇ ਬਾਹਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੋਣ ‘ਤੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਾਲਾਤ ਵਿਗੜਦੇ ਦੇਖ ਪੁਲਿਸ ਨੇ ਭਾਜਪਾ ਆਗੂਆਂ ਨੂੰ ਪੈਲੇਸ ਦੇ ਪਿਛਲੇ ਦਰਵਾਜ਼ੇ ਬਾਹਰ ਕੱਢਣਾ ਹੀ ਮੁਨਾਸਿਬ ਸਮਝਿਆ।
ਭਾਜਪਾ ਦਾ ਸਮਾਗਮ ਮੁਕੰਮਲ ਹੋ ਗਿਆ ਸੀ: ਡੀਸੀਪੀ : ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰਨਾ ਸਭ ਦਾ ਹੱਕ ਹੈ ਬਸ਼ਰਤੇ ਵਿਰੋਧ ਕਰਨ ਵਾਲੇ ਕਿਸੇ ਤਰ੍ਹਾਂ ਦੀ ਹਿੰਸਾ ਨਾ ਕਰਨ ਜਾਂ ਰਸਤਾ ਆਦਿ ਨਾ ਰੋਕਣ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂਆਂ ਦਾ ਸਮਾਗਮ ਮੁੰਕਮਲ ਹੋ ਗਿਆ ਸੀ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …