ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਸ਼ਹੀਦੀ ਪੁਰਬ ਮੌਕੇ ਹੋਏ ਵਿਸ਼ੇਸ਼ ਸਮਾਗਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਵਿਸ਼ੇਸ਼ ਸਮਾਗਮ ਕੀਤੇ ਗਏ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਸ਼ਹੀਦੀ ਸਥਾਨ ਨੂੰ ਦੇਖਣ ਲਈ ਵੀ ਕਿਸਾਨ ਪਹੁੰਚੇ।ਸਿੰਘੂ ਬਾਰਡਰ ‘ਤੇ ਸਟੇਜ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਨਾਲ ਹੋਈ। ਸੁਖਮਨੀ ਸਾਹਿਬ ਦੇ ਪਾਠ ਮਗਰੋਂ ਗੁਰਦੁਆਰਾ ਪ੍ਰਭ ਮਿਲਣੈ ਕਾ ਚਾਉ ਤੋਂ ਭਾਈ ਦਲਬੀਰ ਸਿੰਘ ਤਰਮਾਲੇ ਵਾਲੇ ਦੇ ਜਥੇ ਨੇ ਕੀਰਤਨ ਕੀਤਾ। ਇਸ ਮਗਰੋਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਨੇ ਕਥਾ ਦੁਆਰਾ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਕਾਰ ਸੇਵਾ ਵਾਲੇ ਬਾਬਾ ਭਿੰਦਾ ਸਿੰਘ ਨੇ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਕਰਾਇਆ। ਭਾਈ ਜਸਬੀਰ ਸਿੰਘ ਜਥੇਦਾਰ ਨੇ ਅਰਦਾਸ ਕੀਤੀ।
ਇਸ ਮਗਰੋਂ ਸਟੇਜ ਤੋਂ ਮੁੱਖ ਬੁਲਾਰਿਆਂ ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਦੇ ਹਰਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਗਟ ਸਿੰਘ ਜਾਮਾਰਾਏ, ਗੰਨਾ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ, ਲੋਕ ਭਲਾਈ ਇਨਸਾਫ਼ ਵੈਲਫੇਅਰ ਦੇ ਜਸਵੰਤ ਸਿੰਘ ਤੇ ਕਿਰਤੀ ਕਿਸਾਨ ਸਭਾ ਦੇ ਰਸ਼ਪਾਲ ਸਿੰਘ ਨੇ ਖੇਤੀ ਕਾਨੂੰਨਾਂ ਬਾਰੇ ਦੱਸਿਆ। ਇਸ ਮੌਕੇ ਬਲਵੰਤ ਸਿੰਘ ਬਹਿਰਾਮਕੇ, ਬਲਦੇਵ ਸਿੰਘ ਸਿਰਸਾ, ਮਨਜੀਤ ਸਿੰਘ ਰਾਏ, ਹਰਜੀਤ ਸਿੰਘ ਰਵੀ, ਕੁਲਦੀਪ ਸਿੰਘ ਬਜੀਦਪੁਰ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਅਜਨਾਲਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …