Breaking News
Home / ਪੰਜਾਬ / ਧਰਨੇ ‘ਤੇ ਬੈਠੀਆਂ ਬੀਬੀਆਂ ਦਾ ਕਹਿਣਾ – ਹਰਿਆਣਾ ਵਿਚ ਮਿਲ ਰਿਹੈ ਸਹੁਰੇ ਘਰ ਦਾਮਾਦ ਵਰਗਾ ਮਾਣ

ਧਰਨੇ ‘ਤੇ ਬੈਠੀਆਂ ਬੀਬੀਆਂ ਦਾ ਕਹਿਣਾ – ਹਰਿਆਣਾ ਵਿਚ ਮਿਲ ਰਿਹੈ ਸਹੁਰੇ ਘਰ ਦਾਮਾਦ ਵਰਗਾ ਮਾਣ

ਨਹਾਉਣ, ਖਾਣ-ਪੀਣ, ਰਹਿਣ ਅਤੇ ਪਹਿਨਣ ਲਈ ਮਿਲ ਰਹੇ ਹਨ ਕੱਪੜੇ
ਚੰਡੀਗੜ੍ਹ : ਕਿਸਾਨਾਂ ਦੇ ਅੰਦੋਲਨ ਦੌਰਾਨ ਦਿੱਲੀ ਸਰਹੱਦ ‘ਤੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਹਰਿਆਣਾ ਦੇ ਲੋਕ ਦਿਨ ਰਾਤ ਕਿਸਾਨਾਂ ਦੀ ਸੇਵਾ ਵਿਚ ਲੱਗੇ ਹੋਏ ਹਨ।
ਅੰਦੋਲਨ ਵਿਚ ਪਹੁੰਚੀਆਂ ਬੀਬੀਆਂ ਅਤੇ ਕਿਸਾਨਾਂ ਲਈ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਰੱਖੇ ਹਨ ਅਤੇ ਉਨ੍ਹਾਂ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਆਪਣੇ ਘਰ ਵਿਚ ਰਹਿਣ, ਸੌਣ, ਨਹਾਉਣ ਲਈ ਹਰ ਸਹੂਲਤ ਉਪਲਬਧ ਕਰਵਾਈ ਹੋਈ ਹੈ। ਪਿੰਡਾਂ ਦੇ ਹੀ ਨਹੀਂ ਬਲਕਿ ਬਹਾਦਰਗੜ੍ਹ ਸ਼ਹਿਰ ਦੇ ਵਿਅਕਤੀ ਵੀ ਕਿਸਾਨਾਂ ਨੂੰ ਆਪਣੇ ਘਰਾਂ ਵਿਚ ਨਹਾਉਣ-ਧੋਣ ਲਈ ਸੱਦੇ ਭੇਜ ਰਹੇ ਹਨ।
ਸੰਗਰੂਰ ਜ਼ਿਲ੍ਹੇ ਦੀ ਬਲਬੀਰ ਕੌਰ, ਮਾਨਸਾ ਦੀ ਗੁਰਦੇਵ ਕੌਰ, ਬਠਿੰਡਾ ਜ਼ਿਲ੍ਹੇ ਦੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰਿਆਣਾ ਦੇ ਪਿੰਡਾਂ ਵਿਚ ਅਜਿਹਾ ਸਨਮਾਨ ਮਿਲ ਰਿਹਾ ਹੈ, ਜਿਸ ਤਰ੍ਹਾਂ ਉਹ ਆਪਣੇ ਕਿਸੇ ਖਾਸ ਰਿਸ਼ਤੇਦਾਰ ਦੇ ਘਰ ਆਏ ਹੋਣ। ਪਿੰਡਾਂ ਦੀਆਂ ਮਹਿਲਾਵਾਂ ਉਨ੍ਹਾਂ ਨੂੰ ਆਪਣੇ ਘਰ ਰਹਿਣ, ਨਹਾਉਣ-ਧੋਣ ਲਈ ਸੁਨੇਹੇ ਭੇਜ ਰਹੀਆਂ ਹਨ। ਕੁਝ ਮਹਿਲਾਵਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਹਰਿਆਣਾ ਵਿਚ ਉਨ੍ਹਾਂ ਨੂੰ ਅਜਿਹਾ ਸਨਮਾਨ ਮਿਲ ਰਿਹਾ ਹੈ, ਜਿਵੇਂ ਸਹੁਰਿਆਂ ਘਰ ਦਾਮਾਦ ਨੂੰ ਮਿਲਦਾ ਹੈ। ਰਹਿਣ ਤੇ ਖਾਣ ਪੀਣ ਤੋਂ ਲੈ ਕੇ ਪਹਿਨਣ ਤੱਕ ਕੱਪੜੇ ਦਿੱਤੇ ਜਾ ਰਹੇ ਹਨ।
ਮੁਕਤਸਰ ਦੇ ਨੌਜਵਾਨ ਨੇ ਅੰਦੋਲਨ ਚ ਸ਼ਾਮਲ ਬਜ਼ੁਰਗਾਂ ਨੂੰ ਵੰਡੀਆਂ 2000 ਜੁਰਾਬਾਂ ਅਤੇ ਬੂਟਾਂ ਦੇ ਜੋੜੇ
ਇਸ ਅੰਦੋਲਨ ਨੂੰ ਲੈ ਕੇ ਸੇਵਾ ਕਰਨ ਵਾਲਿਆਂ ਵਿਚ ਕਾਫੀ ਉਤਸ਼ਾਹ ਹੈ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਦੇ ਇਕ ਨੌਜਵਾਨ ਅਤੇ ਸਮਾਜ ਸੇਵੀ ਰਮਨਿਤ ਸਿੰਘ ਬਰਾੜ ਉਰਫ ਰਿੱਕੀ ਆਪਣੇ ਸਾਥੀਆਂ ਨਾਲ ਸਿੰਘੂ ਬਾਰਡਰ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪੈ ਰਹੀ ਠੰਡ ਨੂੰ ਦੇਖਦੇ ਹੋਏ ਕਰੀਬ 2000 ਬਜ਼ੁਰਗ ਕਿਸਾਨਾਂ ਨੂੰ ਬੂਟ ਅਤੇ ਜੁਰਬਾਂ ਖੁਦ ਆਪਣੇ ਹੱਥਾਂ ਨਾਲ ਪਹਿਨਾਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਹਾਨ ਕਿਸਾਨ ਅੰਦੋਲਨ ਵਿਚ ਬਜ਼ੁਰਗਾਂ ਦੀ ਸੇਵਾ ਕਰਕੇ ਉਸਦਾ ਜੀਵਨ ਸਫਲ ਹੋ ਗਿਆ।
ਇੱਧਰ, 20 ਕੁਇੰਟਲ ਦੁੱਧ ਦਾ ਖੋਆ ਬਣਾ ਕੇ ਦਿੱਲੀ ਭੇਜਣ ਦੀ ਤਿਆਰੀ
ਰਾਏਕੋਟ ; ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਵਿਦੇਸ਼ਾਂ ਵਿਚ ਰਹਿ ਰਹੇ ਪਰਵਾਸੀ ਪੰਜਾਬੀਆਂ ਵਲੋਂ ਸੰਘਰਸ਼ ਨੂੰ ਸਹਿਯੋਗ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਏਕੋਟ ਦੇ ਕੈਨੇਡਾ ਵਿਚ ਰਹਿੰਦੇ ਪਰਿਵਾਰ ਨੇ ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਦੀ ਸਹਾਇਤਾ ਲਈ 20 ਕੁਇੰਟਲ ਦੁੱਧ ਦਾ ਖੋਆ ਤਿਆਰ ਕਰਵਾ ਕੇ ਭੇਜਣ ਦਾ ਬੀੜਾ ਉਠਾਇਆ ਗਿਆ ਹੈ।
ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਲਗਾ ਰਹੇ ਹਨ ਠੀਕਰਾ ਪਹਿਰਾ
ਅੰਦੋਲਨ ਵਿਚ ਸ਼ਰਾਰਤੀ ਅਨਸਰ ਕਿਸੇ ਪ੍ਰਕਾਰ ਦੀ ਸ਼ਰਾਰਤ ਨਾ ਕਰ ਸਕਣ, ਇਸ ਲਈ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਠੀਕਰੀ ਪਹਿਰਾ ਲਗਾ ਰਹੇ ਹਨ। ਇਸ ਤੋਂ ਇਲਾਵਾ ਕੁਝ ਨੌਜਵਾਨਾਂ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ ਕਿ ਉਹ ਰਾਤ ਸਮੇਂ ਨਿਗ੍ਹਾ ਰੱਖਣ ਕਿ ਕੌਣ ਆ ਰਿਹਾ ਹੈ ਅਤੇ ਕੌਣ ਜਾ ਰਿਹਾ ਹੈ। ਇਸੇ ਦੌਰਾਨ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਹਰਿਆਣਾ-ਪੰਜਾਬ ਅਤੇ ਯੂਪੀ ਦੇ ਕਿਸਾਨਾਂ ਦੀ ਸੰਯੁਕਤ ਮੀਟਿੰਗ ਦੇਰ ਰਾਤ ਤੱਕ ਚੱਲਦੀ ਰਹਿੰਦੀ ਹੈ। ਇਸ ਦੌਰਾਨ ਉਹ ਅੱਗੇ ਦੀ ਰਣਨੀਤੀ ‘ਤੇ ਚਰਚਾ ਕਰਦੇ ਹਨ ਕਿ ਹੁਣ ਉਨ੍ਹਾਂ ਸਰਕਾਰ ਨਾਲ ਕਿਸ ਤਰ੍ਹਾਂ ਅਤੇ ਕੀ ਗੱਲ ਕਰਨੀ ਹੈ।
ਇਥੇ ਸਾਰੇ ਕਿਸਾਨ ਹਨ… ਕੋਈ ਦੂਸਰਾ ਨਹੀਂ
ਕਿਸਾਨ ਅੰਦੋਲਨ ਏਕਤਾ ਦੀ ਮਿਸਾਲ ਵੀ ਬਣ ਗਿਆ ਹੈ। ਸਿੱਖ-ਮੁਸਲਿਮ ਭਰਾ ਸਬਜ਼ੀਆਂ ਕੱਟ ਕੇ ਤਿਆਰ ਕਰਦੇ ਹਨ ਤਾਂ ਕੜਾਹੀ ਚੜ੍ਹਾ ਕੇ ਉਸ ਨੂੰ ਪਕਾਉਂਦਾ ਹਿੰਦੂ ਹੈ। ਸਭ ਮਿਲ ਬੈਠ ਕੇ ਖਾਂਦੇ ਹਨ। ਇੱਥੇ ਸਭ ਕਿਸਾਨ ਹਨ, ਦੂਸਰਾ ਕੋਈ ਨਹੀਂ।
ਦਿੱਲੀ ਬਾਰਡਰ ‘ਤੇ ਬਣਿਆ ਟੈਂਟ ਸਿਟੀ
ਕਿਸਾਨਾਂ ਦੇ ਇਸ ਅੰਦੋਲਨ ਵਿਚ ਦਿੱਲੀ ਬਾਰਡਰ ‘ਤੇ ਇਕ ਟੈਂਟ ਸਿਟੀ ਜਿਹਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਕਰੀਬ 28 ਤੋਂ 30 ਕਿਲੋਮੀਟਰ ਤੱਕ ਟੈਂਟ, ਟਰੈਕਟਰ, ਟਰੱਕ ਅਤੇ ਕਿਸਾਨ ਹੀ ਦਿਸਦੇ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …