3.3 C
Toronto
Saturday, January 10, 2026
spot_img
Homeਪੰਜਾਬਹਰੀਸ਼ ਰਾਵਤ ਨੇ ਟੋਹੀ ਪੰਜਾਬ ਕਾਂਗਰਸ ਦੀ ਨਬਜ਼

ਹਰੀਸ਼ ਰਾਵਤ ਨੇ ਟੋਹੀ ਪੰਜਾਬ ਕਾਂਗਰਸ ਦੀ ਨਬਜ਼

Image Courtesy :jagbani(punjabkesari)

ਕੈਪਟਨ ਤੇ ਜਾਖੜ ਨੇ ਹਰੀਸ਼ ਰਾਵਤ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਦਿੱਲੀ ਵਿਖੇ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਥਾਪੇ ਗਏ ਨਵੇਂ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਡੇਢ ਘੰਟੇ ਦੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਅਤੇ ਜਾਖੜ ਵਲੋਂ ਸੂਬੇ ਸਬੰਧੀ ਵਿਸਥਾਰ ਵਿਚ ਰਾਵਤ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨਾਲ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦੀ ਲਟਕ ਰਹੀ ਸੂਚੀ ਦਾ ਮਾਮਲਾ ਵੀ ਉਠਾਇਆ ਗਿਆ। ਰਾਵਤ ਜੋ ਕਿ ਪ੍ਰਦੇਸ਼ ਕਾਂਗਰਸ ਦੀ ਉਕਤ ਸੂਚੀ ਅਤੇ ਕੁਝ ਇਕ ਹੋਰ ਮਸਲਿਆਂ ਤੋਂ ਵਾਕਫ਼ ਨਹੀਂ ਸਨ, ਨੂੰ ਜਾਖੜ ਵਲੋਂ ਪਾਰਟੀ ਹਾਈ ਕਮਾਂਡ ਨੂੰ ਅਹੁਦੇਦਾਰਾਂ ਦੇ ਪੁਨਰਗਠਨ ਸਬੰਧੀ ਭੇਜੀ ਗਈ ਸੂਚੀ ਦੀ ਕਾਪੀ ਵੀ ਦਿੱਤੀ ਗਈ। ਸੂਚਨਾ ਅਨੁਸਾਰ ਮੁੱਖ ਮੰਤਰੀ ਅਤੇ ਜਾਖੜ ਵਲੋਂ ਰਾਵਤ ਨਾਲ ਸੂਬੇ ਵਿਚ ਪਾਰਟੀ ਵਿਚਲੀ ਅਨੁਸ਼ਾਸਨਹੀਣਤਾ ਦਾ ਮਾਮਲਾ ਵੀ ਉਠਾਇਆ ਗਿਆ ਅਤੇ ਦੱਸਿਆ ਗਿਆ ਕਿ ਪਾਰਟੀ ਦੇ 2 ਸੀਨੀਅਰ ਸੰਸਦ ਮੈਂਬਰਾਂ ਤੋਂ ਇਲਾਵਾ ਕੁਝ ਹੋਰ ਆਗੂ ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਢਾਂਚੇ ਦੀ ਲਗਾਤਾਰ ਆਲੋਚਨਾ ਲਈ ਜ਼ਿੰਮੇਵਾਰ ਹਨ, ਜਿਸ ਕਾਰਨ ਸੂਬੇ ਵਿਚ ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਅਕਸ ਨੂੰ ਨੁਕਸਾਨ ਹੋ ਰਿਹਾ ਹੈ। ਹਰੀਸ਼ ਰਾਵਤ ਨੇ ਸੂਚਨਾ ਅਨੁਸਾਰ ਮੁੱਖ ਮੰਤਰੀ ਦੱਸਿਆ ਕਿ ਉਹ 21 ਸਤੰਬਰ ਤੋਂ ਬਾਅਦ ਪੰਜਾਬ ਆਉਣ ਦਾ ਵਿਚਾਰ ਰੱਖਦੇ ਹਨ ਕਿਉਂਕਿ ਭਾਰਤ ਸਰਕਾਰ ਵਲੋਂ 21 ਸਤੰਬਰ ਤੋਂ ਬਾਅਦ ਇਕੱਠ ਆਦਿ ਕਰਨ ‘ਤੇ ਲੱਗੀਆਂ ਰੋਕਾਂ ਵਿਚ ਕੁਝ ਛੋਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ, ਜਦੋਂਕਿ ਇਸ ਵੇਲੇ 30 ਜਾਂ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਪਾਰਟੀ ਆਗੂਆਂ, ਵਿਧਾਇਕਾਂ ਆਦਿ ਨੂੰ ਵੀ ਮਿਲਣਾ ਚਾਹੁਣਗੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਵੀ ਜਾਣਾ ਚਾਹੁਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਸੂਬੇ ਦੀ ਪਹਿਲੀ ਫੇਰੀ ਦੌਰਾਨ ਪੰਜਾਬ ਵਿਚਲਾ ਦੌਰਾ 2-3 ਦਿਨ ਦਾ ਰੱਖਣਾ ਚਾਹੁਣਗੇ। ਹਰੀਸ਼ ਰਾਵਤ ਵਲੋਂ ਬਾਅਦ ਵਿਚ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਵੀ ਮੁਲਾਕਾਤਾਂ ਕੀਤੀਆਂ ਗਈਆਂ ਕਿਉਂਕਿ ਇਸ ਵੇਲੇ ਪੰਜਾਬ ਤੋਂ ਸਾਰੇ ਸੰਸਦ ਮੈਂਬਰ, ਪਾਰਲੀਮੈਂਟ ਦੇ ਸੈਸ਼ਨ ਕਾਰਨ ਦਿੱਲੀ ਵਿਖੇ ਮੌਜੂਦ ਹਨ ਅਤੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਉਨ੍ਹਾਂ ਨੇ ਪਹਿਲਾਂ ਹੀ ਪੰਜਾਬ ਤੋਂ ਕਾਂਗਰਸ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਲਈ ਸਮਾਂ ਰੱਖਿਆ ਹੋਇਆ ਸੀ।

RELATED ARTICLES
POPULAR POSTS